ਸੈਰ ਸਰਦ ਵਿਚ
ਨਾ ਨਿੱਘ ਕੋਈ, ਨਾ ਅੱਗ ਬਲਦੀ
ਇਕ ਵਿਰਲੀ ਲੋਈ, ਨਾ ਠੰਢ ਟਲਦੀ
ਪਰ ਠਰਨ ਦੇ ਵਿਚ ਵੀ ਰਜ਼ਾ ਏ ਕੁਝ
ਇਸ ਠੰਢ ਦੇ ਵਿਚ ਵੀ ਮਜ਼ਾ ਏ ਕੁਝ।
ਹੈ ਧੁੰਦ ਬੜੀ? ਚਲੋ ਪੈਣ ਦਿਉ
ਮੈਨੂੰ ਇੰਝ ਹੀ ਤੁਰਦਾ ਰਹਿਣ ਦਿਉ।
ਹੈ ਨ੍ਹੇਰਾ? ਨ੍ਹੀ ਪਰਵਾਹ ਅਜੇ
ਮੈਨੂੰ ਰੋਸ਼ਨ ਦਿਸਦਾ ਰਾਹ ਅਜੇ।
ਕੁਝ ਸੁਣ ਰਿਹੈ? ਹੋੋੋਣੈ ਰਾਗ ਕੋਈ
ਮੇਰੇ ਦੁੱਧ ਨੂੰ ਲਾ ਗਿਐ ਜਾਗ ਕੋਈ।
ਪਰ ਪਲ ਵਿਚ ਚੁੱਪ ਜਿਹੀ ਛਾ ਗਈ ਏ;
ਕੀ ਲਗਦੈ? ਨੀਂਦਰ ਆ ਗਈ ਏ?
ਕਿਤੇ ਬਹਿ ਕੰਢੇ, ਅੱਜ ਸੌਣਾ ਨਹੀਂ
ਅੱਜ ਰੁਕਣਾ ਨਹੀਂ, ਅੱਜ ਰੋਣਾ ਨਹੀਂ।
ਠੰਢ ਪੈਣ ਦਿਉ, ਅੱਜ ਕੰਮਣਾ ਨਹੀਂ
ਤੁਰ ਲੈਣ ਦਿਉ, ਅੱਜ ਥੰਮਣਾ ਨਹੀਂ।
ਰਾਹ ਕੰਢੇ ਨੇ? ਅੱਜ ਸਹਿ ਜਾਂ'ਗੇ
ਜੇ ਰੁਕੇ ਤਾਂ ਰੁਕੇ ਈ ਰਹਿ ਜਾਂ'ਗੇ।
ਹੱਥ ਠਰੇ ਜੇ, ਮੁੱਠੀ ਬੰਨ੍ਹ ਲੈਣੀ
ਪਰ ਗੱਲ ਥੋਡੀ ਨੀ ਮੰਨ ਲੈਣੀ।
ਵੇ ਉਹ ਤਾਂ ਪੜੋਸ ਦੇ ਵੇਹੜੇ ਈ ਏ
ਮੇਰਾ ਘਰ ਕਿਤੇ ਨੇੜੇ-ਤੇੜੇ ਈ ਏ!
ਵੇਖਣ ਨੂੰ ਖੱਜਲ-ਖੁਆਰੀ ਸਹੀ
ਮੇਰੀ ਸੈਰ ਸਰਦ ਵਿਚ ਜਾਰੀ ਸਹੀ।

Comments
Post a Comment