ਮਹਾਂਮਾਰੀ

ਚਿੜੀਆਂ ਵਿਚ ਖਬਰ ਇਕ ਫੈਲੀ, ਕਾਵਾਂ ਦੇ ਝੁੰਡ ਚੋਂ ਆਈ
"ਐਸੀ ਇਕ ਬਿਮਾਰੀ ਤੁਰ ਪਈ, ਜਿਸ ਬੜੀ ਤਬਾਹੀ ਪਾਈ।

ਸਾਰ ਬਿਮਾਰੀ ਹੁੰਦੇ ਮਰੀਏ," ਦੱਸਦੀ ਚਿੜੀ ਇਕ ਬੁੱਢੀ
"ਖਬਰ ਹੈ ਪੱਕੀ, ਧੀਉ, ਭੈਣੋ, ਮੈਂ ਸੁਣਦਿਆਂ ਸਾਰ ਹੀ ਉੱਡੀ।

ਕਈ ਕਬੂਤਰ ਡਿੱਗੇ, ਕਹਿੰਦੇ, ਮਰ ਗੀਆਂ ਕਈ ਕੁੱਕੜੀਆਂ
ਸੁਣਿਆ ਨਾਲੇ ਝੀਲਾਂ ਨੇੜੇਂ, ਬੱਤਖਾਂ ਦੀਆਂ ਲਾਸ਼ਾਂ ਫੜੀਆਂ।"

ਹੁੰਗਾਰਾ ਭਰਦੀ ਬੋਲੀ ਚਿੜੀ ਇਕ, "ਸੱਚ ਗੱਲ ਕਹਿੰਦੀ ਬੀਬੀ
ਜਾਤ ਨਾ ਕੋਈ ਛੱਡੀ ਰੋਗ ਨੇ, ਦੱਸਦਾ ਇਕ ਚਿੜਾ ਕਰੀਬੀ।"

ਨਿੱਕੀ ਚਿੜੀ ਇਕ ਸਹਿਮ ਕੇ ਕਹਿੰਦੀ, ਅਵਾਜ਼ ਚ ਜਿਹਦੀ ਡਰ ਸੀ
"ਜਦ ਬੰਦਿਆਂ ਚ ਐਸਾ ਰੋਗ ਸੀ ਆਇਆ, ਉਨ੍ਹਾਂ ਬੰਦ ਕਰ ਲਏ ਸਭ ਘਰ ਸੀ।

ਸਾਡੇ ਤਾਂ ਸਭ ਰੁੱਖ ਨੇ ਖੁੱਲੇ, ਅਸੀਂ ਕਿੰਞ ਤਾਲੇ ਲਾਈਏ?
ਇਤਬਾਰ ਨੀ ਮੈਨੂੰ ਬੰਦਿਆਂ ਦਾ, ਫਿਰ ਕਿਹਨੂੰ ਵੈਦ ਬਣਾਈਏ?"

ਪਿੱਛੋਂ ਦਿੱਤੀ ਚੀਖ ਸੁਣਾਈ, ਸਭ ਉੱਤੇ ਨਿਗਾਹ ਘੁਮਾਂਦੇ,
ਚੀਖੀ ਚਿੜੀ ਸੀ ਆਲਣੇ ਚੋਂ, "ਮੇਰੇ ਨਿੱਕੜੇ-ਨਿੱਕੜੇ ਆਂਡੇ।"

ਅੱਗ ਜੰਗਲੀ ਵਾਂਗ ਖਬਰ ਫੈਲ ਗਈ, ਸਭ ਡਰ ਪਏ ਹੋਲੀ-ਹੋਲੀ
ਚਿੜੀਆਂ ਪਾਇਆ ਚੀਂ-ਚੀਂ ਰੌਲਾ, ਕਾਵਾਂ ਕਾਵਾਂ-ਰੌਲੀ।

ਉੱਠ ਪਿਆ ਉੱਲੂ ਏਨੇ ਨੂੰ, "ਕੀ ਚੀਕ-ਚਿਹਾੜਾ ਪਾਇਆ?
ਮਸੀਂ-ਮਸੀਂ ਮੇਰੀ ਅੱਖ ਸੀ ਲੱਗੀ, ਤੁਸੀਂ ਚੰਗਾ-ਭਲਾ ਜਗਾਇਆ।"

"ਪਹੁੰਚਣ ਵਾਲੀ ਸ਼ਹਿਰ ਸਾਡੇ ਵੀ, ਭਾਅ ਜੀ ਥੋਡਾ ਖੂਨ ਵੀ ਡੁੱਲੂ!"
ਦਿਨ-ਦਿਹਾੜੇ ਸਰਗਰਮ ਹੋ ਗਿਆ, ਰਾਤ ਦਾ ਬਾਬਾ ਉੱਲੂ।

ਸ਼ਾਮ ਨੂੰ ਇਕ ਚਮਗਾਦੜ ਲੰਘਿਆ, "ਇਹ ਬੰਦੇ ਬਾਜ ਨੀ ਆਂਦੇ
ਕੌਣ ਸਮਝਾਵੇ ਕਮਲਿਆਂ ਨੂੰ, ਸਭ ਸਿੱਧਾ-ਪੁੱਠਾ ਖਾਂਦੇ।"

ਮਤਾ ਪਕਾ ਕੇ ਸਾਂਝਾ ਫਿਰ, ਲੱਗੇ ਤੁਰਨ ਜਦ ਛੋਟੇ-ਵੱਡੇ
"ਕਿੱਧਰ ਚੱਲੇ?" ਬਾਜ ਇਕ ਕਹਿੰਦਾ, "ਇਨ੍ਹਾਂ ਜੰਗਲ ਕਿਹੜਾ ਛੱਡੇ?"




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ