ਦਿਨ ਤੇ ਰਾਤ
ਘੁੱਪ ਹਨੇਰਾ, ਬਲਦੇ ਦੀਵੇ, ਦੋਹਾਂ ਵਿਚ ਟਕਰਾਅ,
ਰੁੱਖ ਤੇ ਬੂਟੇ ਵੇਖਣ ਲੱਗੇ, ਮੱਲੂ ਕੌਣ ਖਲਾਅ!
ਦੇਖ ਚੜ੍ਹਤ ਇਕ ਦੂਜੇ ਦੀ, ਜਾਵੇ ਦਿਲ ਘਬਰਾ,
ਰੱਸਮ-ਕੱਸ਼ੀ ਲੱਗੀ ਹੋਵਣ, ਜਿੱਤੂ ਕੌਣ ਭਲਾ।
ਹਨੇਰੇ ਦਾ ਇੱਕ ਬੁੱਲਾ ਆਇਆ, ਕਰਕੇ ਜਿਵੇਂ ਸਲਾਹ,
ਦੀਵਿਆਂ ਨੇ ਫਿਰ ਨੌਕਾਂ ਖਿੱਚੀਆਂ, ਦਿੱਤੀ ਲੋਅ ਰਲਾ।
ਤਾਰਿਆਂ ਦੇ ਵੀ ਮਨ ਘਬਰਾਵਣ, ਦਿਲ ਨੂੰ ਪਵੇ ਦਬਾਅ,
ਤੇ ਡਰੇ ਜੀਵ ਵੀ, ਰਹਿੰਦੇ ਜੋ ਨੇ, ਕਾਲੇ ਵਿਚ ਤਲਾਅ।
ਰੁੱਖ ਹਨ ਡਰਦੇ ਅੱਗਾਂ ਤੋਂ, ਹੋ ਨਾ ਜਾਣ ਤਬਾਹ,
ਪਰ ਨਾਲ ਲੋੜਦੇ ਚਾਨਣ ਵੀ, ਨਾ ਉਸ ਬਗੈਰ ਨਿਰਬਾਹ।
ਧਰਤ ਨੇ ਆ ਕੇ ਦੱਸਿਆ, ਡਿੱਠਾ ਜਦ ਟਕਰਾਅ,
"ਜੇ ਨਾ ਹੋਵੇ ਇਕ ਵੀ, ਖੜ੍ਹ ਜਾਊ ਜੀਵਨ ਰਾਹ,
"ਦਿਨ ਤੇ ਰਾਤ ਨੇ ਗਹਿਰੇ ਗਹਿਰੇ, ਗਹਿਰੇ ਅਤੇ ਅਥਾਹ,
"ਬਿਨਾਂ ਇਕ ਦੇ ਪਿਆਰਿਉ, ਪੂਰਾ ਨਹੀਂ ਖਲਾਅ।"

Comments
Post a Comment