ਨਿੱਕੜਾ ਸਿਰਜਣਹਾਰ
ਵੇਖ ਕੇ ਖੁਦ ਦੇ ਲਿਖੇ ਅੱਖਰ
ਮਨ ਵਿਚ ਆਇਆ ਵਿਚਾਰ
ਕੀ ਮੈਂ ਵੀ ਹਾਂ ਇਕ ਛੋਟਾ ਕਰਤਾ
ਨਿੱਕੜਾ ਸਿਰਜਣਹਾਰ?
ਹਾਂ, ਵੱਡਾ ਕਰਤਾ ਜਗਤ ਬਣਾਉਂਦਾ
ਰੁੱਖ, ਜ਼ਮੀਨ, ਪਹਾੜ
ਮੇਰਾ ਵੀ ਇਕ ਮਹਿਲ ਹੈ ਪਰ
ਅੱਖਰਾਂ ਦਾ ਵਿਚਕਾਰ
ਆਪਣੇ ਹੱਥ ਨਾਲ ਲਿਖ ਕੇ ਕੀਤੇ
ਅੱਖਰ ਜੀਵਤ, ਤਿਆਰ
ਕਿਸੇ ਅੱਖਰ ਦੇ ਗਲ ਹੈ ਮਾਲਾ
ਕਿਸੇ ਦੇ ਸਿਰ ਦਸਤਾਰ।
ਜੇ ਅੱਖਰਾਂ ਵਿਚ ਜਿੰਦ ਹੈ ਮੰਨੀਏ
ਜੇ ਇਹ ਵੀ ਇਕ ਸੰਸਾਰ -
ਕੀ ਮੈਂ ਵੀ ਹਾਂ ਇਕ ਛੋਟਾ ਕਰਤਾ
ਨਿੱਕੜਾ ਸਿਰਜਣਹਾਰ?
***
ਫਿਰ ਅੱਖਰ ਆਪੇ ਬੋਲ ਨੇ ਪੈਂਦੇ
ਅਸੀਂ ਕਿੱਥੋਂ ਆਏ, ਵਿਚਾਰ!
ਖੁਦ ਨੂੰ ਆਖੇਂ ਛੋਟਾ ਕਰਤਾ,
ਨਿੱਕੜਾ ਸਿਰਜਣਹਾਰ।
ਅਸੀਂ ਤੇਰੇ ਹਾਂ ਕਿ ਤੈਥੋਂ ਹਾਂ
ਅਸੀਂ ਨਕਦ ਕਿ ਅਸੀਂ ਉਧਾਰ?
ਕੌਣ ਹੈ ਮਾਲਕ ਅਸਲ ਅਸਾਡਾ
ਕਿਸਦੇ ਅਸੀਂ ਕਿਰਦਾਰ?
ਕੀ ਤੂੰ ਨਾ ਹੁੰਦਾ ਤੇ ਅਸੀਂ ਨਾ ਹੁੰਦੇ?
ਹੈ ਕਿੱਥੋਂ ਇਹ ਸਭ ਪਸਾਰ?
ਕੀ ਰਚਿਆ ਹੈ ਸਾਨੂੰ ਤੂੰ ਸੱਜਣਾ
ਕਿ ਲਿਖਿਆ ਹੈ ਬਸ ਸਮਾਚਾਰ?
ਹਾਂ ਸਜੇ ਹਾਂ ਪੰਨੇ ਤੇ ਤੇਰੇ ਜ਼ਰੀਏ
ਬੰਨ੍ਹੀ ਹੈ ਗਈ ਨੁਹਾਰ
ਪਰ ਕੀ ਤੂੰ ਹੀ ਹੈਂ ਛੋਟਾ ਕਰਤਾ,
ਨਿੱਕੜਾ ਸਿਰਜਣਹਾਰ?

Comments
Post a Comment