ਧੁਰੋਂ ਆਏ ਪੈਗਾਮ
ਉਹ ਪੱਥਰ ਤੇ ਖੁਰਚ ਕੇ
ਧੁਰੋਂ ਆਏ ਪੈਗਾਮ ਲਿਖ ਗਿਆ
ਕਿ ਕੋਈ ਆਏਗਾ ਖੋਜੀ ਸਦੀਆਂ ਪਿੱਛੋਂ
ਲੱਭਦਾ ਲੱਭਦਾ
ਰੁਕੇਗਾ ਕਿਸੇ ਪੱਥਰ ਨਾਲ ਖਹਿ ਕੇ
ਫਿਰ ਪੜ੍ਹੇਗਾ ਪੱਥਰ ਨੂੰ ਬਹਿ ਕੇ
ਖੁਰਚਣ ਵਾਲਾ ਛੱਡ ਗਿਆ ਪੱਥਰ
ਇਸ ਪਵਿੱਤਰ ਆਸ ਦੇ ਨਾਲ।
ਅੱਜ ਉੱਗੀ ਹੈ ਦੁਆਲੇ ਸੁੰਦਰ ਘਾਹ
ਕੁਝ ਮਾਲੀ ਕਰਦੇ ਖਾਸ ਪਰਵਾਹ
ਮਿਟੇ ਨਾ ਪੱਥਰ ਤੇ ਜੜਿਆ
ਉਹ ਵੀ ਪਏ ਉਡੀਕਦੇ ਜਿਉਂ
ਉਸ ਲੋੜੀਂਦੇ ਖੋਜੀ ਨੂੰ।
ਐ ਖੋਜੀ, ਤੂੰ ਇੱਥੇ ਬੈਠਾ!
ਭੁੱਲ ਚੁਕਾ ਆਪਣੀ ਲੱਭ ਨੂੰ
ਤੇਰੀ ਖੋਜ ਹੈ ਤੈਨੂੰ ਉਡੀਕ ਰਹੀ
ਕਈ ਸਦੀਆਂ ਤੋਂ
ਅੱਖਾਂ ਖੁਰਚਣ ਵਾਲੇ ਦੀਆਂ
ਹਾਲੇ ਵੀ ਖੁਰਚੇ ਅੱਖਰਾਂ ਵਿਚ
ਖੁੱਲੀਆਂ ਖੋਜਣ ਖੋਜੀ ਨੂੰ।

Comments
Post a Comment