ਕਈ ਸਾਰੇ "ਮੈਂ"
ਮੇਰੇ ਅੰਦਰ ਕਈ ਸਾਰੇ "ਮੈਂ" ਹਾਂ
ਇਕ ਹੁਣ ਲਿਖ ਰਿਹਾ ਹਾਂ
ਇਕ ਕਿਸੇ ਦਿਨ ਬੋਲ ਰਿਹਾ ਹੋਵਾਂਗਾ
ਇਕ ਕਿਸੇ ਦਿਨ ਕਲਮਾਂ ਸੁੱਟ ਕੇ ਲਿਖਣਾ ਭੁੱਲ ਜਾਵਾਂਗਾ
ਇਕ ਕਿਸੇ ਦਿਨ ਚੁੱਪੀ ਵੱਟ ਕੇ ਸ਼ਾਂਤ ਜਿਹਾ ਤੁਹਾਨੂੰ ਮਿਲਾਂਗਾ
ਇਕ ਮੈਂ ਖੁਸ਼ਮਿਜਾਜ਼ ਹਾਂ, ਇਕ ਮੈਂ ਦੁਖੀ-ਹਿਰਦਾ ਹਾਂ
ਇਕ ਮੈਂ ਸਾਧੂ ਹਾਂ, ਤੇ ਇਕ ਮੈਂ ਚੋਰ ਵੀ ਹਾਂ
ਇਕ ਕਿਸੇ ਦਿਨ ਹਸਾਵਾਂਗਾ ਇਸ ਤਰ੍ਹਾਂ ਕਿ ਢਿੱਡੀ ਪੀੜਾਂ ਪੈ ਜਾਣਗੀਆਂ
ਇਕ ਕਿਸੇ ਦਿਨ ਰੁਆਵਾਂਗਾ ਇਸ ਤਰ੍ਹਾਂ ਕਿ ਹੰਝੂਆਂ ਦੇ ਦਰਿਆ ਬਨਣਗੇ
ਇਕ ਮੈਂ ਤੁਹਾਡਾ ਮਿੱਤਰ ਹਾਂ, ਇਕ ਸ਼ਾਇਦ ਵਿਰੋਧੀ ਵੀ
ਇਕ ਸਾਊ, ਇਕ ਸਿੱਧਾ - ਇਕ ਸਵਾਰਥੀ, ਇਕ ਸ਼ਾਤਰ
ਇਕ ਮੈਂ ਦਲੇਰੀ ਵਿਚ ਆ ਕੇ ਸਵਾ ਲੱਖ ਨਾਲ ਲੜਦਾ ਹਾਂ
ਤੇ ਇਕ ਮੈਂ ਕਦੇ ਢਿੱਲਾ ਪੈ ਕੇ ਖੁਦ ਤੋਂ ਹੀ ਡਰ ਜਾਂਦਾ ਹਾਂ
ਇਕ ਮੈਂ ਹਿੰਮਤੀ, ਇਕ ਮੈਂ ਆਲਸੀ
ਇਕ ਮੈਂ ਮਦਦਗਾਰ, ਇਕ ਨਜ਼ਰਾਂ ਵੱਟ ਕੇ ਲੰਘ ਰਿਹਾ
ਮੇਰੇ ਅੰਦਰ ਹੀ ਇਕ ਖੇੜੇ ਵੰਡਣ ਵਾਲਾ
ਤੇ ਮੈਂ ਹੀ ਕਦੇ ਹਾਸੇ ਖੋਹਣ ਵਾਲਾ
ਮੈਂ ਰਸੀਲਾ, ਮੈਂ ਬੇਰਸਾ, ਮੈਂ ਰੰਗੀਨ, ਮੈਂ ਰੰਗਹੀਨ
ਮਿੱਠੜਾ, ਬੇਸੁਰਾ, ਉਦਾਸ ਅਤੇ ਵਿਗਾਸ ਵਿਚ
ਮੈਂ ਕੌਣ ਹਾਂ ਇਹ ਤਾਂ ਦੱਸਣਾ ਔਖਾ ਹੈ, ਕਿਉਂਕਿ ਮੈਂ ਇਕ ਹਾਂ ਹੀ ਨਹੀਂ
ਤੁਸੀਂ ਕਿਹੜੇ-ਕਿਹੜੇ ਮੈਂ ਨੂੰ ਮਿਲੇ ਹੋ, ਜ਼ਰੂਰ ਦੱਸਣਾ, ਜ਼ਰੂਰ ਦੱਸਣਾ
Comments
Post a Comment