ਅਸੀਂ ਦੋਵੇਂ ਕਿਸੇ ਦਿਨ ਰਹਿਰਾਸ ਵਿਚ ਮਿਲਾਂਗੇ

ਅਸੀਂ ਦੋਵੇਂ ਕਿਸੇ ਦਿਨ ਰਹਿਰਾਸ ਵਿਚ ਮਿਲਾਂਗੇ
ਰੂਹਾਂ ਦੇ ਸਾਂਝੇ ਅਹਿਸਾਸ ਵਿਚ ਮਿਲਾਂਗੇ

ਵਿਛੜਿਆਂ ਦਾ ਮੇਲ ਹੁਣ ਖਿਆਲਾਂ ਚ ਹੋਣਾ ਏ
ਨਾਨਕ ਦੇ ਪੁੱਛੇ ਸਵਾਲਾਂ ਚ ਹੋਣਾ ਏ

ਇੱਕੋ ਹੀ "ਰਾਹ" ਵਿਚ "ਰਾਸ" ਖੋਜਾਂਗੇ
ਅਸੀਂ ਆਪਣੇ ਆਪਣੇ ਦਿਲਾਂ ਦੇ ਪਾਸ ਖੋਜਾਂਗੇ

ਜਦ ਸੋ ਦਰੁ ਚ ਖੜ੍ਹੋਗੇ ਤੁਸੀਂ ਵੀ ਖਲੋ ਕੇ
ਸੋ ਪੁਰਖ ਚ ਮਿਲਾਂਗੇ ਇੱਕੋ ਰੂਪ ਹੋ ਕੇ

ਸਰੀਰਾਂ ਦੀ ਵਿੱਥ ਕੀ ਕਰਣੀ, ਕੀ ਜਾਨਣੀ
ਜਦ ਇੱਕੋ ਦੇਸ ਪੁੱਜ ਅਸੀਂ ਛਾਂ ਏ ਮਾਨਣੀ

ਮਨਾਂ ਦੇ ਮੰਦਰ, ਇਹ ਦਿਲਾਂ ਦੇ ਦੇਸ ਹੋਣੇ
ਦਸਤਾਰਾਂ ਦੇ ਅੰਦਰ ਰੋਸ਼ਨ ਜਦ ਕੇਸ ਹੋਣੇ

ਆਸਾ ਤੇ ਗੂਜਰੀ, ਚੌਪਈ ਦੇ ਪਲਾਂ ਵਿਚ
ਮੇਲ ਸਾਡਾ ਹੋਊ ਇਨ੍ਹਾਂ ਉੱਚੇ ਜਿਹੇ ਤਲਾਂ ਵਿਚ

ਅਨੰਦ ਦੇ ਸਾਗਰ ਦੀ ਚੁੱਭੀ ਵਿਚ ਮਿਲਾਂਗੇ
ਸੁਰਤ ਕਿਸੇ ਰੰਗ ਖੁੱਭੀ ਵਿਚ ਮਿਲਾਂਗੇ

ਤਿਨ ਵਸਤਾਂ ਦੀ ਹੱਟੀ ਜਦ ਤੁਸੀਂ ਵੀ ਆਓਗੇ
ਗਾਹਕਾਂ ਦੇ ਰੂਪ ਚ ਸੱਜਣ ਨੂੰ ਪਾਓਗੇ

ਕਿ ਮਿਲਾਂਗੇ ਕਦੀ, ਇਸ ਆਸ ਵਿਚ ਮਿਲਾਂਗੇ
ਅਸੀਂ ਦੋਵੇਂ ਕਿਸੇ ਦਿਨ ਰਹਿਰਾਸ ਵਿਚ ਮਿਲਾਂਗੇ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ