ਵੇ ਬਿਰਖਾ ਤੇਰੀ ਛਾਂ ਸੁਹਣੀ
ਵੇ ਬਿਰਖਾ ਤੇਰੀ ਛਾਂ ਸੁਹਣੀ
ਧੁੱਪ ਤੋਂ ਉਹਲੀ ਥਾਂ ਸੁਹਣੀ
ਤਪਦੀਆਂ, ਸਿਕਦੀਆਂ ਧਰਤੀਆਂ ਤੋਂ
ਆਏ ਹਾਂ ਜਿੱਥੋਂ, ਪਰਾਂ ਸੁਹਣੀ।
ਤੇਰੇ ਉੱਪਰ ਬੈਠੀਆਂ ਚਿੜੀਆਂ ਵੇ
ਸੁਣ ਕੇ ਰੂਹਾਂ ਖਿੜੀਆਂ ਵੇ
ਇਰਸ਼ਾਦ ਇਨ੍ਹਾਂ ਨੂੰ ਕਹਿ ਜਾਈਏ
ਕੁਝ ਗੀਤ ਸਾਂਭ ਕੇ ਲੈ ਜਾਈਏ
ਇਨ੍ਹਾਂ ਚਿੜੀਆਂ ਦੀ ਸਰ੍ਹਾਂ ਸੁਹਣੀ
ਵੇ ਬਿਰਖਾ ਤੇਰੀ ਛਾਂ ਸੁਹਣੀ
ਅਸੀਂ ਭੁੱਖਿਆਂ ਕੱਟੀਆਂ ਰਾਤਾਂ ਨੇ
ਤੇਰੇ ਫਲ ਲਗਦੇ ਤਾਂ ਹੀ ਦਾਤਾਂ ਨੇ
ਮੈਂ ਭਿੱਜੀ ਸ਼ੁਕਰ ਦੀਆਂ ਤੈਹਾਂ ਚੇ!
ਮੇਰੇ ਭਾਗਾਂ ਚ ਹੁੰਦੀਆਂ ਸ਼ੈਆਂ ਇਹ
ਖੁਦ ਏਨੀ ਕਿੱਥੇ ਮੈਂ ਸਾਂ ਸੁਹਣੀ
ਵੇ ਬਿਰਖਾ ਤੇਰੀ ਛਾਂ ਸੁਹਣੀ
ਹਸਾਉਂਦੀ ਕਦੇ ਰੁਆ ਜਾਵੇ
ਪਰ ਦੁੱਖੜੇ ਦਰਦ ਭੁਲਾ ਜਾਵੇ
ਐਸੇ ਠੰਢੇ ਬੁੱਲੇ ਨਾ ਦੇਖੇ
ਕਿਤੇ ਐਵੇਂ ਤਾਂ ਨਹੀਂ ਹੈਣ ਭੁਲੇਖੇ?
ਕਿਤੇ ਲਗਦੀ ਤਾਂ ਨਹੀਂ ਤਾਂ ਸੁਹਣੀ?
ਵੇ ਬਿਰਖਾ ਤੇਰੀ ਛਾਂ ਸੁਹਣੀ
ਮੈਂ ਐਥੋਂ ਵੀ ਹੁਣ ਤੁਰ ਜਾਣਾ
ਇਨ੍ਹਾਂ ਚਿੜੀਆਂ ਵਾਕਣ ਉੜ ਜਾਣਾ
ਜੇ ਮੰਜਲ ਪਾ ਕੇ ਰਹਿਣੀ ਏ
ਫਿਰ ਛਾਂ ਤਾਂ ਤੱਜਣੀ ਪੈਣੀ ਏ
ਭਾਵੇਂ ਭੈੜੀ ਹੋਵੇ ਜਾਂ ਸੁਹਣੀ...
ਵੇ ਬਿਰਖਾ ਤੇਰੀ ਛਾਂ ਸੁਹਣੀ
ਅਸੀਂ ਤੁਰ ਜਾਣਾ ਚਿਰ ਥੋੜਿਆਂ ਵਿਚ
ਸਾਂਝ ਰਹੂ ਵਿਚ ਦਿਲਾਂ ਸੁਹਣੀ
ਵੇ ਬਿਰਖਾ ਤੇਰੀ ਛਾਂ ਸੁਹਣੀ।
Comments
Post a Comment