ਪੜਤਾਲ
ਜਦ ਤੋਂ ਮੈਨੂੰ ਪਤਾ ਲੱਗਾ
ਕਿ ਹਰ ਆਵਾਜ਼ ਕਿਸੇ ਤਾਲ ਵਿਚ ਹੈ
ਤਦ ਤੋਂ ਹੀ ਮੈਂ ਲੱਭ ਰਿਹਾ ਹਾਂ
ਕਿ ਦਿਲ ਦੀ ਧੜਕਣ ਦੀ ਤਾਲ ਕਿਹੜੀ ਹੈ
ਜਦ ਮੈਂ ਕਿਸੇ ਦਿਨ ਉਦਾਸ ਸੀ
ਤਾਂ ਮੈਨੂੰ ਦਿਲ ਤੇ ਹੱਥ ਰੱਖ ਕੇ ਮਹਿਸੂਸ ਹੋਇਆ
ਕਿ ਸ਼ਾਇਦ ਕਿਸੇ ਮੰਦਰ ਸਪਤਕ ਰਾਮਕਲੀ ਵਿਚ ਵੱਜਦੀ
ਮੱਧਮ ਤੀਨਤਾਲ ਹੈ
ਵੈਰਾਗ ਦੀ ਲੈਅ ਵਿਚ ਹਉਕਿਆਂ ਦੇ ਟੁਕੜੇ ਲਗਾਉਂਦੀ
ਜਦ ਮੈਂ ਫਿਰ ਕਿਸੇ ਦਿਨ ਉਲਾਰ ਵਿਚ ਆਇਆ
ਤੇ ਸੰਜੋਗ ਵਿਚ ਰੱਤਾ ਗਿਆ
ਤਾਂ ਲੱਗਿਆ ਕਿ ਦਿਲ ਦੀ ਤਾਲ
ਚੌਥੀ ਲਾਂਵ ਤੇ ਵੱਜਦੀ ਰੂਪਕ ਹੈ
ਅਨੰਦ ਕਰਾਉਂਦੀ, ਸੂਹੀ ਦੇ ਬਾਗ ਵਿਚ
ਜਦ ਮੈਨੂੰ ਫਿਰ ਇਕ ਦਿਨ ਰੰਗ ਚੜ੍ਹਿਆ
ਤਾਂ ਆਪੇ ਹੀ ਦਿਲ ਵਿਚ
ਦੀਪਚੰਦੀ ਸੁਣਨ ਲਗ ਪਈ।
ਮਸਤ ਚਾਲੇ ਤੁਰਦੀ, ਠਰੰਮੇ ਦੇ ਗੀਤ ਗਾਉਂਦੀ
ਦਿਲਾਸੇ ਵੰਡਦੀ
ਹਾਸੇ ਵੰਡਦੀ
ਇਕ ਵਾਰ ਮੈਂ ਗਾਉਂਦੇ ਗਾਉਂਦੇ ਲੈਅ ਵਿਚ ਹੀ ਗੁੰਮ ਗਿਆ
ਤੇ ਕਹਿਰਵਾ ਵੱਜਣ ਲੱਗਾ
ਕੰਨ ਵਿਚ ਸੁਣੇ ਰਸ ਭਿੰਨਾ
ਧਾਗੇ ਨਾਤੀ ਨਾਕੇ ਧਿੰਨਾ
ਫਿਰ ਇਕ ਦਿਨ ਰੂਹ ਅਜ਼ਾਦ ਮਿਲੀ
ਜਦੋਂ ਅਗੰਮੀ ਦਾਦ ਮਿਲੀ
ਦੇ ਦਾਦਰਾ ਬਣਿਆ
ਏਕਤਾਲ ਦੇ ਪਲਟੇ ਖਾਉਂਦੀ
ਮੱਧਮ ਮੱਧਮ ਚਾਲ
ਸਰੋਵਰਾਂ ਦਾ ਕੰਢੇ ਤੁਰਦੀ
ਵੇਖਦੇ ਵੇਖਦੇ
ਸੁਰਾਂ ਦਾ ਤੇ ਤਾਲਾਂ ਦਾ
ਰਾਗਾਂ ਦਾ ਤੇ ਖਿਆਲਾਂ ਦਾ
ਸੰਗਮ ਹੋ ਗਿਆ
ਇਕ ਰਾਗ ਨਾ ਰਿਹਾ, ਇਕ ਤਾਲ ਨਾ ਰਹੀ
ਪਰ ਮੈਨੂੰ ਸਮਝ ਨਾ ਆਈ
ਕਿ ਕੀ ਨਾਮ ਹੈ ਤਾਲ ਦਾ
ਜਿਸ ਵਿਚ ਦਿਲ ਧੜਕਦਾ ਹੈ
ਮੈਨੂੰ ਇਹ ਸਮਝਦਿਆਂ ਦੇਰ ਲੱਗੀ
ਕਿ ਰਾਗਾਂ ਦੀ ਮਹਿਫਲ ਵਿਚ
ਇਹ ਰਾਗ ਮਾਲਾ ਵਿਸ਼ਾਲ ਹੈ
ਤੇ ਤਾਲਾਂ ਦੇ ਇਸ ਤਬਲੇ ਵਿਚ
ਦਿਲ ਦੀ ਤਾਲ ਪੜਤਾਲ ਹੈ
Comments
Post a Comment