ਬਨਫਸ਼ਾ ਦਾ ਖਦਸ਼ਾ

ਕਦੇ ਕਦੇ ਬਨਫਸ਼ਾ ਦਾ ਫੁੱਲ ਮੁਰਝਾ ਜਾਂਦਾ ਹੈ
ਲੁਕਿਆ ਛੁਪਿਆ, ਅਦ੍ਰਿਸ਼ ਮੌਤ ਮਰਦਾ
ਟਹਿਕਦੀਆਂ ਪੱਤੀਆਂ ਤੋਂ ਕਿਰਦਾ ਨੀਰ
ਔਸ ਨਹੀਂ ਜੀ, ਆਂਸੂ

ਫਿਰ ਦੂਰੋਂ ਤੁਰ ਕੇ ਕੋਈ ਰਾਹੀ ਆਉਂਦਾ ਹੈ
ਉਚਾਈਆਂ ਚੜ੍ਹਦਾ
ਕੋਈ ਵੀਰ, ਕੋਈ ਕਵੀ

ਗੁਲਜ਼ਾਰ ਵੇਖਦਾ ਹੈ, ਬਹਾਰ ਵੇਖਦਾ ਹੈ
ਜਗਤ ਤੋਂ ਛੁਪੀ, ਛੋਪ ਵਿਚ ਮਰਦੀ ਜੰਮਦੀ ਸੁੰਦਰਤਾ
ਚੰਦ ਦੇ ਰੰਗ ਰੰਗਦੀ, ਪਰ ਸੰਗਦੀ ਸੰਗਦੀ
ਸਗਲ-ਲਪੇਟਣੀ ਪੌਣ ਤੋਂ ਡਰਦੀ

ਉਹਨੂੰ ਲੱਭ ਚੁਕਾ ਉਹਦੇ ਕੰਨ ਵਿਚ ਕਹਿੰਦਾ ਹੈ:
ਕਿ ਸੁਹਣੀ ਅਤੇ ਨਾਯਾਬ ਜੋ ਤੇਰੀ ਹਰਕਤ ਹੈ
ਇਹਦਾ ਛੁਪਣਾ ਕਮਲੀਏ ਬੁਰਾ ਨਹੀਂ, ਇਹ ਬਰਕਤ ਹੈ

ਸੋ ਜਿਸ ਦਿਨ ਤੋਂ ਬਨਫਸ਼ੇ ਦੇ ਨੀਰ ਨੂੰ "ਵੀਰ" ਮਿਲਿਆ

ਉਸ ਦਿਨ ਤੋਂ ਇਸ ਗੱਲ ਲਈ ਉਹ ਮਸ਼ਹੂਰ ਹੋਇਆ
ਕਿ ਬਨਫਸ਼ਾ ਦਾ ਇਹ ਖਦਸ਼ਾ ਹੁਣ ਦੂਰ ਹੋਇਆ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ