ਕਦੇ ਗੁੰਮ ਹੋਵਾਂਗੇ
ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ
ਰੁੱਖਾਂ ਵਿਚ ਹਰਿਆਲੀ ਬਣ ਕੇ, ਰੂਹਾਂ ਵਿਚ ਖੁਸ਼ਹਾਲੀ ਬਣ ਕੇ
ਰੁੱਤ ਤਾਂ ਫਿਰ ਆਵੇਗੀ, ਇਨ੍ਹਾਂ ਰੁੱਖਾਂ ਨੂੰ ਹਸਾਉਣ ਲਈ
ਅਸੀਂ ਵੀ ਫਿਰ ਮਿਲਾਂਗੇ, ਉੱਜੜੇ ਘਰ ਵਸਾਉਣ ਲਈ
ਬੀਜ ਕਦੇ ਫਿਰ ਬੋਆਂਗੇ, ਅਸੀਂ ਵੀ ਤਾਂ ਮਾਲੀ ਬਣ ਕੇ
ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ
ਸਾਲਾਂ ਬੱਧੀ ਇੱਕੋ ਥਾਂ ਤੇ, ਧਰੇ ਹੋਏ ਵੀ ਬਹੁਤ ਮਿਲੇ
ਘੜੇ ਅਸਾਨੂੰ ਰਾਹਾਂ ਉੱਪਰ, ਭਰੇ ਹੋਏ ਵੀ ਬਹੁਤ ਮਿਲੇ
ਅਸੀਂ ਦੋਵੇਂ ਮਿਲਾਂਗੇ, ਇਕ ਦੂਜੇ ਨੂੰ ਖਾਲੀ ਬਣ ਕੇ
ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ
ਅਸੀਂ ਤਾਂ ਬੱਦਲ ਗੂੜ੍ਹੇ ਹਾਂ, ਆਉਂਦੀ ਰੁੱਤੇ ਵਰ੍ਹ ਜਾਵਾਂਗੇ
ਹੰਝੂਆਂ ਦੇ ਦਰਿਆਵਾਂ ਵਿਚੋਂ, ਸਹਿਜੇ ਸਹਿਜੇ ਤਰ ਜਾਵਾਂਗੇ
ਨਜ਼ਰ ਆਵਾਂਗੇ ਲੁਕੀਆਂ ਹੋਈਆਂ ਅੱਖਾਂ ਵਿਚਲੀ ਲਾਲੀ ਬਣ ਕੇ
ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ
ਸੁਰ ਛਿੜਣਗੇ ਰਾਗਾਂ ਅੰਦਰ, ਬਾਗਾਂ ਅੰਦਰ ਫੁੱਲ ਖਿੜਣਗੇ
ਤਾਲ ਮਿਲੇਗੀ ਸਾਹਾਂ ਨੂੰ, ਸ਼ਬਦਾਂ ਵਿਚ ਖਿਆਲ ਜੁੜਣਗੇ
ਜਦ ਗੀਤਾਂ ਵਿਚ ਇਕ ਹੋਵਾਂਗੇ, ਮਿਲਾਂਗੇ ਫਿਰ ਕਵਾਲੀ ਬਣ ਕੇ
ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ
ਸੁਰਤਾਂ ਨੂੰ ਕੁਝ ਚਾਨਣ ਹੋਣਾ, ਅੱਖਾਂ ਵਿਚਲੀ ਫੜਕਣ ਹੋ ਕੇ
ਤੁਸੀਂ ਵੀ ਪਰਤ ਕੇ ਆਉਗੇ, ਚੇਤੇ ਵਿਚਲੀ ਧੜਕਣ ਹੋ ਕੇ
ਮੈਂ ਵੀ ਪਰਤ ਕੇ ਆਵਾਂਗਾ, ਯਾਦ ਕੋਈ ਸੰਭਾਲੀ ਬਣ ਕੇ
ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ
ਉਸ ਦਿਨ ਤਾਰੇ ਨਿਕਲਣਗੇ, ਜਿਸ ਦਿਨ ਇਹ ਸਬੱਬ ਹੈ ਹੋਣਾ
ਉਸ ਦੀਵਾਨ ਦੇ ਮੰਡਲ ਵਿਚ, ਹਾਜਰ ਸ਼ਾਇਦ ਰੱਬ ਹੈ ਹੋਣਾ
ਦਰਸ਼ਨ ਜਦ ਦਿਖਾਉਗੇ, ਅੰਬਰ ਸਰ ਦਿਵਾਲੀ ਬਣ ਕੇ
ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ
Comments
Post a Comment