ਇਹ ਜੋ ਓਮਾਹਾ ਪੁੱਛਦੇ ਓ, ਇਹ ਮੇਰੇ ਅੰਦਰੋਂ ਫੁੱਟਿਆ ਏ
ਕੀ ਇਹ ਮੁੱਲ ਖਰੀਦਿਆ ਏ
ਜਾਂ ਕਿਸੇ ਉੱਤੋਂ ਸੁੱਟਿਆ ਏ
ਇਹ ਜੋ ਓਮਾਹਾ ਪੁੱਛਦੇ ਓ
ਇਹ ਮੇਰੇ ਅੰਦਰੋਂ ਫੁੱਟਿਆ ਏ
ਇਹ ਜੋ ਹੁਣ ਛਾਵਾਂ ਹੋ ਗਈਆਂ
ਇਹ ਜੋ ਦੁਪਹਿਰਾ ਵਿਗਸਿਆ ਏ
ਇਹ ਜੋ ਅਸੀਂ ਖਿੜ ਪਏ ਇਕਦਮ ਹਾਂ
ਤੇ ਇਹ ਜੋ ਚਿਹਰਾ ਵਿਗਸਿਆ ਵੇ
ਜੋ ਲਾਲੀ ਗੱਲ੍ਹ ਤੇ ਆ ਪਈ ਏ
ਤੇ ਇਹ ਜੋ ਹਾਸਾ ਛੁੱਟਿਆ ਏ
ਇਹ ਜੋ ਓਮਾਹਾ ਪੁੱਛਦੇ ਓ
ਇਹ ਮੇਰੇ ਅੰਦਰੋਂ ਫੁੱਟਿਆ ਏ
ਇਹ ਜੋ ਮਿਠਾਸ ਹਰ-ਤਰਫੀ ਹੈ
ਇਹ ਜੋ ਅਸੀਂ ਵੰਡੀ ਬਰਫੀ ਹੈ
ਇਹ ਜੋ ਅਸੀਂ ਲੜੀਆਂ ਲਾਈਆਂ ਨੇ
ਇਹ ਅਸੀਂ ਆਪ ਸਜਾਈਆਂ ਨੇ
ਤੁਸੀਂ ਕਿਉਂ ਦੂਰ ਖੜੇ ਪਏ ਹੋ
ਤੁਸੀਂ ਕਿਉਂ ਦੰਦੀਆਂ ਘੁੱਟਿਆ ਏ
ਇਹ ਜੋ ਓਮਾਹਾ ਪੁੱਛਦੇ ਓ
ਇਹ ਤਾਂ ਅੰਦਰੋਂ ਫੁੱਟਿਆ ਏ
ਤੁਸੀਂ ਇਕ ਕੰਮ ਇਹ ਕਰ ਆਵੋ
ਕਿ ਆਂਢ ਗੁਆਂਢ ਚ ਜਾ ਆਵੋ
ਇਹ ਜੋ ਹੁਣ ਟੋਕਰੀਆਂ ਭਰੀਆਂ
ਸਭ ਨੂੰ ਕੁਝ ਫਲ ਛਕਾ ਆਵੋ
ਕੀ ਸਭ ਜੋ ਰੁੱਖ ਤੋਂ ਡਿੱਗਿਆ ਏ
ਕੀ ਸਭ ਜ਼ਮੀਨ ਚੋਂ ਪੁੱਟਿਆ ਏ
ਇਹ ਜੋ ਓਮਾਹਾ ਪੁੱਛਦੇ ਓ
ਇਹ ਮੇਰੇ ਅੰਦਰੋਂ ਫੁੱਟਿਆ ਏ
ਇਕ ਅੱਖਰ ਤੇ ਰੁਕ ਗਏ ਹਾਂ
ਇਕ ਅੱਖਰ ਹੀ ਪੜ੍ਹ ਲਈਏ
ਇਹ ਅੱਖ ਦਾ ਹਾਸਾ-ਹੰਝੂ ਏ
ਹਾਲੇ ਇਹ ਇਕ ਘੁੱਟ ਭਰ ਲਈਏ
ਇਹ ਜੋ ਕਿਸੇ ਯਾਦ ਚੋਂ ਨਿਕਲਿਆ ਏ
ਇਹ ਜੋ ਹੁਣ ਸਹਿਜੇ ਛੁੱਟਿਆ ਏ
ਇਹ ਜੋ ਓਮਾਹਾ ਪੁੱਛਦੇ ਓ
ਇਹ ਮੇਰੇ ਅੰਦਰੋਂ ਫੁੱਟਿਆ ਏ
Comments
Post a Comment