ਕੰਬਦੀਆਂ ਉਂਗਲਾਂ

ਕੰਬਦੀਆਂ ਉਂਗਲਾਂ ਪੁੱਜ ਨਾ ਪਾਈਆਂ ਚਿਹਰੇ ਤੀਕ
ਮੈਂ ਅੱਖਾਂ ਬੰਦ ਕਰ ਲਈਆਂ, ਇਹੀ ਲੱਗਿਆ ਠੀਕ

ਕੰਬਦੀਆਂ ਅੱਖਾਂ ਵੇਖ ਨਾ ਪਾਈਆਂ ਅੰਦਰਾਂ ਤੀਕ
ਮੈਂ ਉਤਲੇ ਪਾਣੀਆਂ ਤੱਕਦਾ ਰਿਹਾ ਸੀ ਹੋ ਨਜ਼ਦੀਕ

ਕੰਬਦੀਆਂ ਲਹਿਰਾਂ ਗਿਰ ਨਾ ਪਾਈਆਂ ਕੰਢਿਆਂ ਤੀਕ
ਪਾਣੀਆਂ ਉੱਤੇ ਖਿੱਚ ਕੇ ਤੁਰ ਗਿਆ ਜਿਉਂ ਕੋਈ ਲੀਕ

ਕੰਬਦੀਆਂ ਲੀਕਾਂ ਰਿਸ਼ਮਾਂ ਦੀਆਂ, ਬਸ ਪਲਕਾਂ ਤੀਕ
ਰੌਣਹਾਕੀਆਂ ਰਿਸ਼ਮਾਂ ਹੋਈਆਂ, ਉਂਝ ਰਮਣੀਕ

ਕੰਬਦੀਆਂ ਬੂੰਦਾਂ ਅਸ਼ਕਾਂ ਦੀਆਂ ਬਹੁਤ ਬਾਰੀਕ
ਮਸ਼ਕਾਂ ਦਿਸੀਆਂ ਦਿਲ ਵਿਚ ਕੀਤੀ ਜਦ ਤਹਿਕੀਕ

ਜਦ ਮਸ਼ਕਾਂ ਬਾਲੀ ਅੱਗ ਤਾਂ ਪਈਆਂ ਅੱਖਾਂ ਚੀਖ
ਪਰ ਕੰਬਦੀਆਂ ਉਂਗਲਾਂ ਪੁੱਜ ਨਾ ਪਾਈਆਂ ਚਿਹਰੇ ਤੀਕ

Comments

Popular posts from this blog

ਇਹ ਕਿਹੋ ਜਿਹੇ ਮਸਲੇ ਜੋ ਸ਼ਾਂਤ ਹੀ ਰੱਖਣੇ

ਬੀਜਾਂ ਵਾਂਗਰ ਖਿੰਡਿਆ ਮਨ

ਪੱਤਲਾਂ ਵਿਚ ਪਾਣੀਆਂ ਤੀਲੀਆਂ