ਸ਼ਬਦਾਂ ਦੇ ਰਾਹੀ, ਸ਼ਬਦਾਂ ਦੇ ਰਾਹੀਂ
ਸ਼ਬਦਾਂ ਦੇ ਰਾਹੀ
ਸ਼ਬਦਾਂ ਦੇ ਰਾਹੀਂ
ਥਾਂ ਕਿਸੇ ਪੁੱਜਣੇ ਨੂੰ
ਤੁਰੇ ਚਾਈਂ ਚਾਈਂ।
ਕਿਤੇ ਉੱਚੇ ਪ੍ਹਾੜ
ਡੂੰਘੀ ਕਿਤੇ ਖਾਈ
ਚੜ੍ਹਦੇ ਤੇ ਉੱਤਰਦੇ
ਜਾਂਦੇ ਚਾਈਂ ਚਾਈਂ।
ਇੱਕ ਹੱਥ ਕਲਮ
ਦੂਜੇ ਵਿਚ ਸਿਆਹੀ
ਕਾਗਜ਼ ਦੇ ਰਾਹ ਤੇ
ਜਾਂਦੇ ਵਾਕ ਗਾਹੀ।
ਕੀ ਏ ਇਹ ਰਾਹ?
ਕੌਣ ਨੇ ਇਹ ਰਾਹੀ?
ਕਿੱਧਰ ਜਾ ਕੇ ਮੁੱਕੇ?
ਹੈ ਕੋਈ ਗਵਾਹੀ?
ਦਿਲੋਂ ਕੁਝ ਉਦਾਸ
ਪਰ ਢੇਰੀ ਵੀ ਨਾ ਢਾਹੀ
ਤੁਰੇ ਵੱਖ ਰਾਹਾਂ ਤੇ
ਤੁਰੇ ਚਾਈਂ ਚਾਈਂ।
ਇਸ ਦੇਸੋਂ ਬੀਜ
ਓਸ ਦੇਸ ਵਾਹੀ
ਸਮਝਾਂ ਤੋਂ ਪਰੇ
ਵੱਖਰੇ ਨੇ ਤਾਂ ਹੀ
ਰੱਬ ਵੀ ਤਾਂ ਵੱਖਰਾ
ਜਿਹਨੂੰ ਜਾਣ ਸਲਾਹੀ
ਉਸ ਵੱਲ ਜਾਂਦੇ ਕੀ?
ਕੌਣ ਦੱਸੇ ਭਾਈ?
ਸ਼ਬਦਾਂ ਦੇ ਰਾਹੀਂ
ਸ਼ਬਦਾਂ ਦੇ ਰਾਹੀ
ਥਾਂ ਕਿਸੇ ਪੁੱਜਣੇ ਨੂੰ
ਤੁਰੇ ਚਾਈਂ ਚਾਈਂ।

Comments
Post a Comment