ਤੁਸੀਂ ਭਿੱਜਣ ਤੋਂ ਡਰਿਓ ਨਾ
ਤੁਸੀਂ ਭਿੱਜਣ ਤੋਂ ਡਰਿਓ ਨਾ -
ਇਹ ਮੇਰਾ ਯਕੀਨ ਹੈ
ਝੱਖੜ ਜੋ ਲੱਗਦੇ ਨੇ
ਮੀਂਹ ਨੇ ਮਾਮੂਲੀ ਜਿਹੇ
ਹੈ ਰੁੱਖ ਵੀ ਖੜ੍ਹਿਆ ਵੇਖੋ
ਮਾਣ ਰਿਹਾ ਵਾਛੜ ਨੂੰ
ਫੁੱਲ ਨੇ ਭਿੱਜ ਭਿੱਜ ਕੇ
ਆਖ ਰਹੇ ਅਸਾਂ ਨੂੰ ਵੀ
ਤੁਸੀਂ ਭਿੱਜਣ ਤੋਂ ਡਰਿਉ ਨਾ -
ਤੁਸੀਂ ਭੱਜਣ ਤੋਂ ਡਰਿਓ ਨਾ -
ਤੁਸੀਂ ਦੂਰ ਤੱਕ ਜਾਣਾ ਹੈ
ਇਹ ਵਾਛੜ ਦੇ ਛਿੱਟੇ ਸਗੋਂ
ਪਿਆਸਾਂ ਮਿਟਾਵਣਗੇ
ਸੁੱਕ ਚੁਕੇ ਟੋਭਿਆਂ ਨੂੰ
ਮੁੜ ਤਾਲ ਬਣਾਵਣਗੇ
ਮੁੜ੍ਹਕਾ ਤਾਂ ਤੁਹਾਡਾ ਵੀ
ਮੀਂਹ ਰੂਹਾਂ ਸੁੱਕੀਆਂ ਦਾ
ਤੁਸੀਂ ਭੱਜਣ ਤੋਂ ਡਰਿਓ ਨਾ -
ਤੁਸੀਂ ਗਿੱਝਣ ਤੋਂ ਡਰਿਓ ਨਾ -
ਇਸ ਰਾਹ ਦੀਆਂ ਮਹਿਕਾਂ ਵਿੱਚ
ਮਿੱਟੀ ਦੇ ਗੀਤ ਹੀ ਨੇ
ਮੀਹਾਂ ਦੇ ਬੀਜੇ ਹੋਏ
ਰੂਹਾਂ ਦੇ ਵੱਢੇ ਹੋਏ
ਰਾਹੀਆਂ ਦੇ ਵਰਤੇ ਹੋਏ
ਇਨ੍ਹਾਂ ਹੀ ਗੀਤਾਂ ਵਿੱਚ
ਲੁਕਿਆ ਵਿਸਮਾਦ ਕਿਤੇ
ਤੁਸੀਂ ਗਿੱਝਣ ਤੋਂ ਡਰਿਓ ਨਾ -
ਤੁਸੀਂ ਗੱਜਣ ਤੋਂ ਡਰਿਓ ਨਾ -
ਬਣਨਾ ਹੈ ਬੱਦਲ ਜੇ
ਉਡਾਰੀ ਜੇ ਲਾਉਣੀ ਹੈ
ਹਵਾ ਨਾਲ ਨਿਭਾਉਣੀ ਹੈ
ਜੈਕਾਰੇ ਜਰੂਰੀ ਨੇ
ਨਿਹਾਲ ਜੇ ਹੋਣਾ ਹੈ
ਮੀਹਾਂ ਦਾ ਸੁਨੇਹਾ ਬਣੋ
ਭਿੱਜ ਭਿੱਜ ਕੇ ਬੱਦਲ ਬਣੋ
ਤੇ ਗੱਜਣ ਤੋਂ ਡਰਿਓ ਨਾ -
Comments
Post a Comment