ਕੁਤਕਤਾਰੀਆਂ ਕੁਦਰਤ ਦੀਆਂ
ਮੈਨੂੰ ਚਾਅ ਚੜ੍ਹੇ ਵਿਚ ਨੀਂਦ ਨਾ ਆਉਣਾ
ਤੇ ਰਾਤ ਨੂੰ ਸੈਰਾਂ ਕਰਦੇ ਲੰਘਾਉਣਾ
ਸੰਗ ਨ ਕਰਨੀ, ਝੂਮ ਕੇ ਗਾਉਣਾ
ਇੰਝ ਕਮਲੇ ਹੋ ਕੇ ਹੱਸਦੇ ਜਾਉਣਾ
ਇਹ ਗੱਲਾਂ ਸਾਰੀਆਂ ਕੁਦਰਤ ਦੀਆਂ
ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ
ਮੈਂ ਬਹਿੰਦਾ ਹਾਂ ਜਦ ਤੁਕਾਂ ਜੋੜਨ
ਬੋਲਣਾ ਚਾਹਵਾਂ, ਸ਼ਬਦ ਨਾ ਅਹੁੜਨ
ਖਿਆਲ ਹੀ ਐਸੇ ਮਨ ਵਿਚ ਬਹੁੜਨ
ਮੈਂ ਹੱਸਾਂ ਤੇ ਉਹ ਮਨ ਝੰਜੋੜਨ
ਇਹ ਰਮਜ਼ਾਂ ਪਿਆਰੀਆਂ ਕੁਦਰਤ ਦੀਆਂ
ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ
ਮੇਰੇ ਗਵਾਹ ਨੇ ਇਹ ਹਵਾਵਾਂ
ਕਿ ਮੈਂ ਖੁਦ ਦੇ ਨਾਲ ਹੀ ਬੋਲਦਾ ਜਾਵਾਂ
ਮੇਰੇ ਸਰੋਤੇ ਮੇਰੀਆਂ ਰਾਹਵਾਂ
ਮੈਨੂੰ ਫਰਕ ਨਾ ਪਾਉਂਦੇ ਧੁੱਪਾਂ ਛਾਵਾਂ
ਇਹ ਬਾਗ ਕਿਆਰੀਆਂ ਕੁਦਰਤ ਦੀਆਂ
ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ
ਮੈਂ ਪਾਣੀ ਬਣਾਂ ਤੇ ਘਾਹ ਤੇ ਲੇਟਾਂ
ਬਾਣੀ ਬਣਾਂ ਤੇ ਦੁੱਖ ਨੂੰ ਮੇਟਾਂ
ਮੈਂ ਡੁੱਲ੍ਹ ਜਾਵਾਂ ਤੇ ਆਪਾ ਭੇਟਾਂ
ਰੌਲਾ ਪਾਵਾਂ ਕਿ ਖਿਆਲ ਸਮੇਟਾਂ?
ਦਿਲ ਦੀਆਂ ਚਿੰਗਾਰੀਆਂ ਕੁਦਰਤ ਦੀਆਂ
ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ
Comments
Post a Comment