ਦੋ ਨਿਆਣੇ
ਨਵੀਆਂ ਨੇ ਰੂਹਾਂ ਤੇ ਕੱਪੜੇ ਪੁਰਾਣੇ
ਹੱਥ ਫੜ ਲੰਘੇ ਦੋ ਨਿੱਕੇ ਨਿਆਣੇ
ਕਿਵੇਂ ਇਹ ਜਗਦੇ ਨੇ ਮੈਲੇ ਜਿਹੇ ਚਿਹਰੇ
ਅਮੀਰ ਮਨਾਂ ਤੇ ਫਕੀਰੀ ਦੇ ਪਹਿਰੇ
ਇਹ ਖਾਲੀ ਜਿਹੇ ਝੋਲੇ ਨੇ ਮੋਢੇ ਤੇ ਟੰਗਦੇ
ਇਹ ਚੁਪਚਾਪ ਲੰਘਦੇ, ਤੇ ਬੋਲਣ ਤੋਂ ਸੰਗਦੇ
ਭੁੱਖੇ, ਪਿਆਸੇ, ਨੇ ਮਾਸੂਮ ਹਾਸੇ
ਮੈਂ ਤਾਂ ਵੇਖੀ ਹੀ ਜਾਵਾਂ ਖੜ੍ਹ ਇਕ ਪਾਸੇ
ਇਹ ਅੰਮੀ ਦੀ ਜੰਮੀ, ਜੋ ਕਹਿੰਦੇ ਨਿਕੰਮੀ
ਇਹ ਥੱਕੀ ਨਾ ਰੁੱਕੀ, ਖਲੋਈ ਨਾ ਥੰਮੀ
ਇਹ ਆਪਾ ਸੰਭਾਲੂ ਕਿ ਵੀਰੇ ਨੂੰ ਪਾਲੂ
ਇਹ ਹੰਝੂਆਂ ਨੂੰ ਘੁੱਟੂ ਕਿ ਅੱਖੀਆਂ ਨੂੰ ਗਾਲ਼ੂ
ਮੈਂ ਕੰਬਦਾ ਤੇ ਠਰਦਾ ਹੀ ਦੂਰੋਂ ਦੀ ਵੇਖਾਂ
ਇਹ ਧੰਧੇ ਜੋ ਲਾਏ ਰੱਬ ਦਿਆਂ ਲੇਖਾਂ
ਇਹ ਮੈਲੇ ਜਿਹੇ ਪੈਰ ਤੇ ਮੈਲੀ ਹਥੇਲੀ
ਇਹ ਸੁਲਝ ਨਾ ਪਾਉਣੀ ਮੈਥੋਂ ਪਹੇਲੀ
Comments
Post a Comment