ਤੁਹਾਡਾ ਕੰਮ ਹੈ ਲਕੀਰਾਂ ਖਿੱਚਣਾ, ਮੇਰਾ ਕੰਮ ਹੈ ਰੰਗ ਭਰਨਾ
ਤੁਹਾਡਾ ਕੰਮ ਹੈ ਲਕੀਰਾਂ ਖਿੱਚਣਾ
ਮੇਰਾ ਕੰਮ ਹੈ ਰੰਗ ਭਰਨਾ
ਇੰਝ ਆਪਾਂ ਦੋਹਾਂ ਨੇ ਮਿਲ ਕੇ
ਰੂਹਾਂ ਲਈ ਪ੍ਰਬੰਧ ਕਰਨਾ
ਅਸੀਂ ਇਕ ਅਕਾਸ਼ ਸਜਾਉਣਾ ਏ
ਇਸ ਸੁਪਨਿਆਂ ਦੀ ਸਰਜ਼ਮੀਨ ਉੱਤੇ
ਉਸਾਰਾਂਗੇ ਅਸੀਂ ਬੱਦਲੀਂ ਮਹਿਲ
ਮੀਂਹ ਪੈਣ ਦੇ ਯਕੀਨ ਉੱਤੇ
ਤੁਸੀਂ ਤਾਂ ਆ ਕੇ ਤਾਰੇ ਟੰਗਣੇ
ਮੈਂ ਉਨ੍ਹਾਂ ਵਿਚ ਚੰਦ ਭਰਨਾ
ਇੰਝ ਆਪਾਂ ਦੋਹਾਂ ਨੇ ਮਿਲ ਕੇ
ਰੂਹਾਂ ਲਈ ਪ੍ਰਬੰਧ ਕਰਨਾ
ਜਦ ਮੀਂਹ ਪਵੇਗਾ, ਬਾਗ ਖਿੜੇਗਾ
ਅਸੀਂ ਉਸ ਵਿਚ ਫੁੱਲ ਲਾਵਾਂਗੇ
ਉਸ ਬਾਗ ਵਿਚ ਤਾਲਾਬ ਬਣਾ ਕੇ
ਉਸ ਦੇ ਉੱਤੇ ਪੁੱਲ ਲਾਵਾਂਗੇ
ਤੁਹਾਡਾ ਕੰਮ ਹੈ ਖਿੜਨਾ ਤੇ
ਮੇਰਾ ਕੰਮ ਹੈ ਸੁਗੰਧ ਭਰਨਾ
ਇੰਝ ਆਪਾਂ ਦੋਹਾਂ ਨੇ ਮਿਲ ਕੇ
ਰੂਹਾਂ ਲਈ ਪ੍ਰਬੰਧ ਕਰਨਾ
Comments
Post a Comment