ਅੱਖਰ ਉਤਰ ਕੇ

ਕਿਸੇ ਉੱਚੇ ਨੇ ਖੁਸ਼-ਹੱਥਾਂ ਨਾਲ ਕੋਈ ਰੱਬੀ ਅੱਖਰ ਵਾਹਿਆ
ਉਹ ਚਕਾ-ਚੌਂਧ, ਨੂਰ ਦਾ ਭਰਿਆ, ਸਾਡੀ ਸਮਝ ਨਾ ਆਇਆ
ਹੈ ਮੂਲ ਗੱਲ ਤਾਂ ਪਹੁੰਚੋਂ ਪਰੇ; ਵਿਚੋਲਾ ਪਾਉਣਾ ਚਾਹਿਆ
ਫਿਰ ਸੁਹਣੀ ਕਲਮ ਉਸ ਅੱਖਰ ਨੂੰ ਕਿਸੇ ਦੂਜੇ ਹੱਥ ਫੜਾਇਆ

ਉਸ ਦੂਜੀ ਕਲਮ ਅਨੁਵਾਦ ਫਿਰ ਹੁਣ ਸਾਡੀ ਜ਼ਬਾਨੇ ਕਰਾਇਆ
ਇਸ ਤਰ੍ਹਾਂ ਇਹ ਅੱਖਰ ਉਤਰ ਕੇ ਸਾਡੇ ਤੀਕਰ ਆਇਆ
ਕਿ ਅਸੀਂ ਤਾਂ ਰੋਸ਼ਨੀ ਵੇਖੀ ਨਹੀਂ, ਜਿਸ ਵੇਖੀ ਹਾਲ ਸੁਣਾਇਆ
ਜਿੰਨ੍ਹਾਂ ਸੁਣਿਆ ਅਨਹਦ ਨਾਦ, ਉਨ੍ਹਾਂ ਵਿਚ ਟੋਡੀ ਦੇ ਸੁਣਾਇਆ

ਅਸੀਂ ਤਾਂ ਸੱਖਣੇ ਟੋਡੀ ਤੋਂ ਵੀ, ਸੁਰ ਹੀ ਲੱਗ ਨਾ ਪਾਇਆ
ਪਰ ਮਨ ਦੇ ਹੋ ਗਏ ਦੋ ਟੋਟੇ ਜਦ ਅੱਖਰ ਤੀਰ ਚਲਾਇਆ
ਜੋ ਉੱਚੇ ਪਰਬਤੋਂ ਉਤਰਦਾ ਜਲ ਮੁੱਠੀ ਚੇ ਨਾ ਸਮਾਇਆ
ਉਹ ਬੱਦਲਾਂ ਨੇ ਉੱਚਿਆਂ ਚੁੱਕ ਕੇ ਹੈ ਸਾਡੇ ਤੇ ਵਰਸਾਇਆ

ਸਾਨੂੰ ਗਿਰਿਆਂ ਨੂੰ ਸੁਰਤਾਂ ਬਾਝੋਂ ਫਿਰ ਪਕੜ ਕਿਸੇ ਉਠਾਇਆ
ਤੇ ਵਿਚ ਕਿਸੇ ਲੋਹ-ਬਰਤਨ ਪਾ ਸੀ ਸਾਡੇ ਬੁੱਲ੍ਹਾਂ ਛੁਹਾਇਆ
ਹੁਣ ਪੜ੍ਹ ਕੇ ਹਾਲ ਮੈਂ ਪੜ੍ਹੇ ਹਾਲ ਦਾ, ਇਸ ਵਰਕੇ ਤੇ ਲਾਹਿਆ
ਮਿਲੇ ਵਿਚ ਇਹ ਮੂਲ ਰੰਗ - ਵੇ ਰਮਜ਼ ਰੰਗ ਦੇ ਰਾਇਆ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ