ਸ਼ਬਦ ਮੂਹਰੇ

ਖੁਦ ਨੂੰ ਜ਼ਰਾ ਸ਼ਬਦ ਮੂਹਰੇ ਕਰ ਦਿਉ
ਤੇ ਆਪੇ ਨੂੰ ਤੀਰਾਂ ਨਾਲ ਵਿੰਨ੍ਹ ਜਾਣ ਦਿਉ
ਕਦ ਦੇ ਘੂਰ ਰਹੇ ਹੋ ਇੰਝ ਹੀ ਸਾਹਮਣੇ
ਹੁਣ ਨੈਣਾਂ ਨੂੰ ਥੋੜਾ ਜਿਹਾ ਭਿੰਨ ਜਾਣ ਦਿਉ

ਪਰ ਅੱਖਾਂ ਖੁੱਲੀਆਂ ਰੱਖਣਾ ਵਿੰਨ੍ਹੇ ਜਾਣ ਵੇਲੇ
ਤੇ ਰੂਹ ਚੀਰਦੇ ਤੀਰ ਦੀ ਚਾਲ ਵੇਖਣਾ
ਵੇਖਿਓ ਹਸਤੀ ਦੀਆਂ ਪਰਤਾਂ ਦਾ ਕੱਟ-ਫੱਟ ਜਾਣਾ
ਤੇ ਹਿਰਦੇ ਨੂੰ ਤੁਸੀਂ ਹੁੰਦਿਆਂ ਰਵਾਲ ਵੇਖਣਾ

ਵਿੰਨ੍ਹੇ ਜਾ ਰਹੇ ਹੋਵੋਗੇ ਤਾਂ ਰੱਤ ਨਿਕਲੇਗਾ
ਥੋੜਾ ਬਹੁਤਾ ਨਹੀਂ ਵੇ, ਅਤਿ ਨਿਕਲੇਗਾ!
ਤੁਸੀਂ ਰੋਕਣਾ ਨਾ ਰੱਤ ਨੂੰ, ਵੱਟ ਪਾਉਣਾ ਨਾ
ਪੀਸੇ ਜਾਓਗੇ ਮੋਹਲਿਆਂ ਹੇਠ ਤਾਂ ਤੱਤ ਨਿਕਲੇਗਾ

ਫਿਰ ਧਾਗਾ ਲਿਉ ਥੋੜਾ ਕਿਸੇ ਸਹਿਜ ਸੂਤ ਦਾ
ਫੱਟ ਨੂੰ ਸਿਉਣ ਲਈ, ਜ਼ਖਮ ਭਰਨ ਲਈ
ਫਿਰ ਬੂਟੀ ਕਿਸੇ ਕੁਦਰਤੀ ਭਾਵ-ਅੱਖਰ ਦੀ
ਮਨ ਤਕੜੇ ਹੁੰਦਿਆਂ ਦੀ ਪੀੜ ਜਰਨ ਲਈ

ਇਕ ਐਲਾਨ ਲਿਖ ਦਿਉ ਏਸ ਜੰਗ ਸ਼ਹੀਦੀ ਦਾ
ਇਸ ਕਚਹਿਰੀ ਇਹ ਕਾਗਜ ਪੂਰੇ ਕਰ ਦਿਓ
ਤੇ ਇਹ ਕੰਮ ਮੇਰੀ ਜਾਚੇ ਜ਼ਰੂਰੇ ਕਰ ਦਿਓ
ਕਿ ਖੁਦ ਨੂੰ ਜ਼ਰਾ ਕੁ ਸ਼ਬਦ ਮੂਹਰੇ ਕਰ ਦਿਉ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ