ਮੈਂ ਉਡੀਕਾਂਗਾ ਸਰੋਵਰ ਕੰਢੇ
ਮੈਂ ਉਡੀਕਾਂਗਾ ਸਰੋਵਰ ਕੰਢੇ
ਤੁਸੀਂ ਆਉਣਾ ਲਹਿਰ ਹੋ ਕੇ
ਉਸ ਰੁਕੇ ਸਮੇਂ, ਪਲ ਬਣ ਕੇ
ਸ਼ਾਮ ਦਾ ਉਹ ਪਹਿਰ ਹੋ ਕੇ
ਉਸ ਸ਼ਾਮ ਜਦ ਸੂਰਜ ਢਲਣਾ
ਅੰਬਰ ਵੇਖਣਾ ਨੀਵਾਂ ਹੋ ਕੇ
ਤੁਸੀਂ ਉਜਾਲੇ ਬਿਖੇਰ ਦੇਣਾ
ਮੇਰੇ ਨੇੜੇ ਕੋਈ ਦੀਵਾ ਹੋ ਕੇ
ਸੰਗਤ ਬਣ ਕੇ ਦਿਖ ਪੈਣਾ
ਪਰਿਕਰਮਾ ਦਾ ਰਾਹੀ ਬਣ ਕੇ
ਮੇਰੇ ਸ਼ਬਦਾਂ ਦਾ ਰੂਪ ਬਣਨਾ
ਤੁਸੀਂ ਮੇਰੀ ਸਿਆਹੀ ਬਣ ਕੇ
ਮੈਂ ਛੱਲ ਵਿਚੋਂ ਜਦ ਜਲ ਕੱਢਾਂ
ਤੁਸੀਂ ਆਉਣਾ ਕਤਰਾ ਹੋ ਕੇ
ਕਿਤਾਬ ਦੇ ਕਈ ਕਿੱਸਿਆਂ ਵਿਚ
ਆਉਣਾ ਤੁਸੀਂ ਇਕ ਪਤਰਾ ਹੋ ਕੇ
ਫਿਰ ਸੁਰਤ ਹੋਣੀ ਡੂੰਘੀ ਜਦ ਜਦ
ਆਉਣਾ ਮਨ ਦਾ ਹਾਲ ਬਣ ਕੇ
ਲਿਖਣ ਜੋਗੀਆਂ ਧੜਕਣਾਂ ਵਿਚ
ਉਤਰ ਆਉਣਾ ਖਿਆਲ ਬਣ ਕੇ
ਲਹਿਰ ਬਣ ਜੇ ਨਹੀਂ ਆਉਣਾ
ਆਉਣਾ ਬੂੰਦ ਮਾਤਰ ਬਣ ਕੇ
ਆਉਣਾ ਪਿਆਰੇ ਜ਼ਰੂਰ ਤੁਸੀਂ
ਮੇਰੀ ਕਹਾਣੀ ਪਾਤਰ ਬਣ ਕੇ
Comments
Post a Comment