ਕੱਲਾ ਕੱਲਾ ਫੁੱਲ ਭਲਾ ਜੀ ਕਿਹਨੇ ਗਿਣਿਆ ਏ?

ਕੱਲਾ ਕੱਲਾ ਫੁੱਲ ਭਲਾ ਜੀ ਕਿਹਨੇ ਗਿਣਿਆ ਏ?
ਕਿਰਦਾ ਹੰਝੂ ਕਿੰਨਾ ਹੋਇਆ, ਕਿਹਨੇ ਮਿਣਿਆ ਏ?

ਹਿਸਾਬ ਕਿਸੇ ਵੀ ਰੱਖਿਆ ਨਾ ਜੀ ਸ਼ਾਮਾਂ ਢਲੀਆਂ ਦਾ
ਸ਼ਹਿਰਾਂ ਦੇ ਵਿਚ ਦੱਬ ਗਈਆਂ ਇਹ ਪਿੰਡ ਦੀਆਂ ਗਲੀਆਂ ਦਾ

ਕਿਸੇ ਵੀ ਖਾਤੇ ਆਏ ਨਹੀਂ ਇਹ ਹਾਸੇ ਠੱਠੇ ਜੀ
ਟੁੱਟੇ ਪੱਤੇ ਕਿਸੇ ਤੋਂ ਵੀ ਨਾ ਹੋਏ ਇਕੱਠੇ ਜੀ

ਕਿਸੇ ਵੀ ਤੋਲ, ਤੋਲ ਨਾ ਪਾਏ, ਰੀਝ ਸੰਭਾਲੀ ਨੂੰ
ਕਿਹੜੇ ਰੰਗ ਦਾ ਆਖਣਾ ਹੈ ਅੱਖ ਦੀ ਲਾਲੀ ਨੂੰ

ਕਿਹੜੀਆਂ ਗੁੱਤਾਂ ਗੁੰਧਾਂਗੇ ਹੁਣ ਭੂਰੇ ਵਾਲਾਂ ਨੂੰ
ਕਿਹੜੇ ਧਾਗੇ ਪਿਰੋਵਾਂਗੇ ਉਧੜੇ ਖਿਆਲਾਂ ਨੂੰ

ਪੈਰ ਤਾਂ ਮੇਰੇ ਰਾਜ਼ੀ ਨੇ ਪਰ ਸੈਰਾਂ ਗੁੰਮ ਗਈਆਂ
ਟਹਿਕਦੀਆਂ ਗੁਲਦਾਊਦੀਆਂ ਵਿਚ ਸ਼ਹਿਰਾਂ ਗੁੰਮ ਗਈਆਂ

ਮੈਂ ਜਦ ਦਾ ਬਣਿਆ ਸਾਗਰ ਤਦ ਤੋਂ ਲਹਿਰਾਂ ਗੁੰਮ ਗਈਆਂ
ਅਰਦਾਸਾਂ ਸਾਂਭੀ ਆਏ ਹਾਂ ਪਰ ਖੈਰਾਂ ਗੁੰਮ ਗਈਆਂ

ਇਹ ਅੱਤਰ ਹਵਾ ਚ ਤਰਦੇ ਨੇ, ਸੁਨੇਹੇ ਸਮਿਆਂ ਦੇ
ਜਦ ਅਸੀਂ ਵੀ ਮਾਲੀ ਹੁੰਦੇ ਸੀ, ਅਜੇਹੇ ਸਮਿਆਂ ਦੇ

ਪਲ ਲਿਆਵੇ ਕੌਣ ਜੋ ਹੁਣ ਸਮਿਆਂ ਵਿਚ ਚਿਣਿਆ ਏ?
ਕੱਲਾ ਕੱਲਾ ਫੁੱਲ ਭਲਾ ਜੀ ਕਿਹਨੇ ਗਿਣਿਆ ਏ?
ਕਿਰਦਾ ਹੰਝੂ ਕਿੰਨਾ ਹੋਇਆ, ਕਿਹਨੇ ਮਿਣਿਆ ਏ?

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ