ਰਹਿ ਜਾਣਾ ਅਧਵਾਟੇ ਹੀ
ਇਸ ਦਰਿਆ ਦੀਆਂ ਕੁਝ ਨਹਿਰਾਂ ਤਾਂ ਹੋਰ ਦਿਸ਼ਾ ਵੱਲ ਵਗ ਤੁਰੀਆਂ
ਜਿਉਂ ਇੱਕੋ ਡਾਰ ਉਡਾਰੀ ਵਿਚੋਂ ਡਾਰਾਂ ਕੁਝ ਅਲੱਗ ਤੁਰੀਆਂ
ਰੋਸ਼ਨੀਆਂ ਰੰਗਾਵਲ ਰਾਹੀਂ ਸੱਤ ਧਾਰਾਵਾਂ ਹੋ ਗਈਆਂ
ਤੇ ਗੁੰਧੀਆਂ ਗੁੱਤਾਂ ਖਿਲਰੇ ਕੇਸੀਂ ਬਣ ਕੇ ਕਿਤੇ ਤਾਂ ਉਹ ਗਈਆਂ
ਬੱਦਲਾਂ ਦੇ ਫੰਭੇ ਰਿਸ ਰਿਸ ਕੇ ਮੀਹ ਦੀਆਂ ਤਾਰਾਂ ਬਣ ਜੋ ਪਏ
ਹਵਾ ਦੇ ਝੋਕੇ ਰੁੱਖਾਂ ਥਾਣੀ ਕਈ ਦਿਸ਼ਾਵਾਂ ਤਣ ਜੋ ਗਏ
ਮੁਸਾਫਰ ਤੁਰਦੇ ਜਾਂਦੇ ਭੁੱਲੇ ਪਿੱਛੇ ਛੁੱਟੇ ਰਾਹੀਆਂ ਨੂੰ
ਮੁੱਕੀਆਂ ਜੰਗਾਂ ਦੇ ਪੈਗਾਮ ਨਾ ਪਹੁੰਚ ਸਕੇ ਸਿਪਾਹੀਆਂ ਨੂੰ
ਇੰਝ ਹੱਥਾਂ ਦੀਆਂ ਸਭ ਲਕੀਰਾਂ ਮਿਲ ਨਾ ਪਾਈਆਂ ਤਲੀਆਂ ਤੇ
ਇੰਝ ਸੜਕਾਂ ਤੇ ਪਹੁੰਚ ਨਾ ਪਾਈਆਂ ਕੁੜੀਆਂ ਖੜੀਆਂ ਗਲੀਆਂ ਤੇ
ਪਿੱਛੇ ਛੁੱਟ ਗਏ ਵਿਸਰੇ ਕਿੱਸੇ ਕਿਸੇ ਕਿਤਾਬ ਚ ਅਹੁੜੇ ਨਹੀਂ
ਇਸ ਕਾਰਜ ਵਿਚ ਬਣ ਪਾਏ ਸੀ ਸਭ ਕੜੀਆਂ ਦੇ ਜੋੜੇ ਨਹੀਂ
ਤੂੰ ਦਰਿਆ ਜੇ ਸੋਚਣ ਬੈਠਾ ਨਹਿਰਾਂ ਦੇ ਹੁਣ ਥਹੁ ਪਤੇ
ਹੋ ਨਾ ਪਾਣੇ ਇਸ ਪੰਚਾਇਤ ਇਸ ਗੱਲ ਦੇ ਫਿਰ ਬਹੁ-ਮਤੇ
ਜਾਂ ਚੁਣਨਾ ਹੈ ਪੁੱਜਣਾ, ਭਾਵੇਂ ਪੁੱਜਣਾ ਕੁੜਤੇ ਪਾਟੇ ਹੀ
ਜਾਂ ਛੁੱਟ ਗਏ ਰਾਹਾਂ ਨੂੰ ਤੱਕਦੇ ਰਹਿ ਜਾਣਾ ਅਧਵਾਟੇ ਹੀ
Comments
Post a Comment