ਮੇਰੀ ਨਿੱਕੀ ਕੀੜੀ
ਕਿਤਾਬ ਵਿਚੋਂ ਕੀੜੀ ਦਾ ਸ਼ਵ ਲੱਭਿਆ,
ਅੱਖ ਵਿਚ ਉਹਦੀ ਥੋੜਾ ਦ੍ਰਵ ਲੱਭਿਆ।
ਫਿਸ ਚੁਕੀ ਹੁਣ, ਪਏ ਫੇਲੇ ਉਹਦੇ ਪੈਰ,
ਹਿਲਦੀ ਨੀ, ਜੁਲਦੀ ਨੀ, ਮਰ ਚੁਕੀ ਖੈਰ।
ਕਿਵੇਂ ਇੱਥੇ ਪੁੱਜੀ, ਤੇ ਕਦੋਂ ਦੱਬੀ ਇੱਥੇ?
ਬੱਸ ਏਨਾ ਏ ਮਾਲੂਮ ਕਿ ਮੈਨੂੰ ਲੱਭੀ ਇੱਥੇ।
ਤੁਰ ਚੁਕੀ ‘ਗਾਂਹ ਨੂੰ ਕੀ, ਰੱਬ ਦੀ ਇਹ ਜਿੰਦ?
ਕਿ ਮਿਲ ਗਈ ਉਹਨੂੰ ਜਿਵੇਂ ਸਾਗਰ ਨੂੰ ਸਿੰਧ?
ਮੈਂ ਸੋਚਾਂ ਵਿਚ ਪਿਆਂ, ਕੀ ਫੂਕ ਸਕਾਂ ਜਾਨ?
ਕਿੰਨਾ ਮਿਲੇ ਪੁੰਨ, ਦੇਈਏ ਜ਼ਿੰਦਗੀ ਜੇ ਦਾਨ?
ਪਰ ਨਹੀਂ ਮੁੜ ਸਕਦੀ, ਜਿਲਦ ਸੀ ਉਹ ਭੀੜੀ,
ਦੱਬ ਗਈ ਸਦਾ ਲਈ, ਮੇਰੀ ਨਿੱਕੀ ਕੀੜੀ।

Comments
Post a Comment