ਕੀ ਮਿਲੇ

ਮੇਰੇ ਸਵਾਲ:

ਧੁੱਪ ਨੂੰ ਕੀ ਮਿਲਦਾ ਹੈ      ਚਾਨਣ ਬਖੇਰ ਕੇ?
ਬੱਦਲ ਕੀ ਭਾਲਦੇ ਨੇ       ਹੰਝੂਆਂ ਨੂੰ ਕੇਰ ਕੇ?
ਹਵਾਵਾਂ ਨੂੰ ਲਾਭ ਕੀ ਟਹਿਲ ਕੇ ਸਵੇਰ ਨੂੰ?
ਲਹਿਰਾਂ ਕਿਉਂ ਗੇਰਦੀਆਂ      ਮਿੱਟੀਆਂ ਦੇ ਢੇਰ ਨੂੰ?
ਜੰਨਤ ਕੀ ਖੋਜਦੇ ਨੇ       ਫੁੱਲ ਹੁਰੀਂ ਮਹਿਕ ਕੇ?
ਤਗਮੇ ਕੀ ਮਿਲਦੇ ਨੇ       ਚਿੜੀਆਂ ਨੂੰ ਚਹਿਕ ਕੇ?
ਕੀ ਲਾਭ ਰੁੱਖਾਂ ਨੂੰ       ਫਲਾਂ ਦੇ ਨੇ ਦਿਖਦੇ?
ਕਵੀ ਨਾਲੇ ਲੱਭਦੇ ਕੀ       ਗੀਤ-ਤੁਕਾਂ ਲਿਖ ਕੇ?
ਤਾਰਿਆਂ ਦਾ ਨਫਾ ਕੀ       ਇੰਞ ਰੁਸ਼ਨਾਉਣ ਚੇ?
ਤਿਤਲੀ ਨੂੰ ਲੋੜ ਕੀ       ਫੁੱਲਾਂ ਨੂੰ ਮਨਾਉਣ ਚੇ?
ਕੀ ਫਾਇਦਾ ਸਾਗਰਾਂ ਦਾ      ਏਨਾ ਜਲ ਜੋੜ ਕੇ?
ਕੀ ਮਿਲੇ ਹਿਰਨਾਂ ਨੂੰ       ਬਨਾਂ ਵਿਚ ਦੋੜ ਕੇ?
ਖਾਲੀ ਪੁਲਾੜ ਵਿਚ       ਤਾਰਿਆਂ ਨੂੰ ਟੰਗ ਕੇ,
ਚੰਨਾਂ ਤੇ ਸੂਰਜਾਂ ਤੋਂ       ਰੋਸ਼ਨੀਆਂ ਮੰਗ ਕੇ,
ਲੈ ਕੇ ਥੋੜੀ ਮਿੱਟੀ       ਉੱਤੇ ਰੁੱਖਾਂ ਨੂੰ ਸਜਾ ਕੇ,
ਕੀ ਮਿਿਲਆ ਰੱਬ ਨੂੰ       ਸੰਸਾਰ ਨੂੰ ਬਣਾ ਕੇ?

ਉਸਦੇ ਜਵਾਬ:

ਚਾਨਣ ਤਾਂ ਧੁੱਪ ਦੀ       ਮੁੱਢ ਤੋਂ ਹੀ ਰੀਤ ਹੈ
ਹੰਝੂਆਂ ਨੂੰ ਕੇਰਨਾ       ਬੱਦਲਾਂ ਦਾ ਗੀਤ ਹੈ।
ਟਹਿਲਣਾ ਸਵੇਰ ਨੂੰ      ਹਵਾਵਾਂ ਦੀ ਸੈਰ ਹੈ,
ਮਿੱਟੀਆਂ ਤਾਂ ਢਹਿਣੀਆਂ       ਜ਼ਰੀਆ ਹੀ ਲਹਿਰ ਹੈ।
ਫੁੱਲਾਂ ਦਾ ਮਹਿਕਣਾ       ਅਰਸ਼ੋਂ ਪੈਗਾਮ ਏ
ਚਿੜੀਆਂ ਦਾ ਚਹਿਕਣਾ       ਦਿੰਦਾ ਵਿਸ਼ਰਾਮ ਏ।
ਫਲਾਂ ਰਾਹੀਂ ਹੀ ਤਾਂ ਰੁੱਖ       ਵੱਧਦੇ ਤੇ ਫੁੱਲਦੇ
ਕਵੀਆਂ ਦੇ ਗੀਤ ਹੁੰਦੇ       ਨਹੀਂ ਕੱਚੇ ਮੁੱਲ ਦੇ
ਤਾਰਿਆਂ ਦੀ ਰੋਸ਼ਨੀ      ਇਕ ਸੰਦੇਸ਼ ਹੈ
ਤਿਤਲੀ ਦਾ ਫੁੱਲਾਂ ਨੂੰ       ਮਨਾਉਣਾ ਉੱਦੇਸ਼ ਹੈ।
ਸਮੰਦਰ ਦੀ ਏਨਾ ਜਲ      ਜੁੜਿਆ ਕਮਾਈ ਏ
ਹਿਰਨਾਂ ਦੇ ਪੈਰ, ਤਾਂ ਹੀ       ਉਨ੍ਹਾਂ ਦੋੜ ਲਾਈ ਏ।
ਪੁਲਾੜਾਂ ਦਾ ਰੰਗਣਾ ਤੇ       ਤਾਰਿਆਂ ਦਾ ਟੰਗਣਾ
ਚੰਨਾਂ ਤੇ ਸੂਰਜਾਂ ਤੋਂ      ਰੋਸ਼ਨੀਆਂ ਮੰਗਣਾ
ਜੋ ਕੁਝ ਸੁਥਰਾ ਤੇ       ਜੋ ਵਿੰਗ-ਟੇਢ ਹੈ,
ਧਰਤੀ ਤੇ ਰੋਸ਼ਨੀ ਤਾਂ       ਬੱਸ ਇਕ ਖੇਡ ਹੈ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ