ਦੌੜ ਕੇ, ਭੱਜ ਕੇ
ਮੈਂ ਦੌੜ ਕੇ, ਭੱਜ ਕੇ
ਖੜ੍ਹ ਕੇ, ਸੱਜ ਕੇ
ਵੇਖ-ਵੇਖ, ਰੱਜ ਕੇ
ਵਿਖਾ ਕੇ, ਕੱਜ ਕੇ
ਥੱਕ ਗਿਆ ਹਾਂ।
ਹੈ ਤੱਕਿਆ, ਹਾਂ ਥੱਕਿਆ
ਕੁਝ ਰੱਖ ਕੇ, ਹੈ ਚੱਕਿਆ
ਬੋਲਿਆ, ਤੇ ਝੱਕਿਆ
ਖੋਲ ਕੇ ਫੇ’ ਡੱਕਿਆ –
ਅੱਕ ਗਿਆ ਹਾਂ।
ਕਿਤੇ ਰਹਿ ਲਿਆ, ਕਹਿ ਲਿਆ
ਰੁਕ ਲਿਆ, ਵਹਿ ਲਿਆ
ਉੱਠ ਲਿਆ, ਬਹਿ ਲਿਆ
ਸਹਿ ਲਿਆ ਜਾਂ ਖਹਿ ਲਿਆ
ਹਾਂ ਕਿਸੇ ਤਰ੍ਹਾਂ;
ਭੁੱਖ ਲਈ, ਸੁੱਖ ਦੀ
ਦੇਵਤੇ, ਮਨੁੱਖ ਦੀ
ਨਿੱਘ ਵਾਲੀ ਕੁੱਖ ਦੀ
ਲੱਭਦਾ ਹਾਂ ਰੁੱਖ ਦੀ
ਛਾਂ ਕਿਸੇ ਤਰ੍ਹਾਂ।

Comments
Post a Comment