ਛਤ ਤੇ ਬੈਠਿਆਂ ਝੋਲੀ ਵਿਚ

ਅੱਜ ਛੱਤ ਤੇ ਬੈਠਿਆਂ ਝੋਲੀ ਵਿਚ,
ਇਕ ਬੂੰਦ ਪੈ ਗਈ ਅਚਨਚੇਤ।
ਫਿਰ ਦੂਜੀ ਪਈ, ਫਿਰ ਤੀਜੀ ਪਈ,
ਫਿਰ ਉੱਪਰ ਤੱਕਿਆ, ਲੱਭਿਆ ਭੇਤ।
ਓ ਅੱਛਾ, ਵੇ ਅੰਬਰ ਜੀ,
ਸਾਡੇ ਤੇ ਅੱਜ ਤਰਸੇ ਹੋ,
ਸੱਚੀਂ ਦਿਨ੍ਹੇ ਸੀ ਧੁੱਪ ਬੜੀ,
ਸ਼ੁਕਰ ਹੈ ਕੁਝ ਕੁ ਬਰਸੇ ਹੋ।
ਚੌੜੇ ਬੜੇ ਅਸੀਂ ਹੋ ਗਏ ਹਾਂ,
ਕੁਝ-ਕੁਝ ਛਿੱਜਣਾ ਚਾਹੀਦਾ ਹੈ,
ਸਖਤ ਬੜੇ, ਸਾਨੂੰ ਢਿੱਲੇ ਹੋਣ ਲਈ
ਮੀਂਹ ਵਿਚ ਭਿੱਜਣਾ ਚਾਹੀਦਾ ਹੈ।
ਕੁਝ ਹੋਰ ਪਵੋ, ਕੁਝ ਹੋਰ ਤੇਜ਼,
ਬਰਸੋ, ਬਰਸੋ ਸੱਜਣ ਜੀ
ਬਿਜਲੀਆਂ ਨਾਲੇ ਲਿਸ਼ਕਾਵੋ,
ਲੱਗੋ ਜ਼ਰਾ ਹੋਰ ਗੱਜਣ ਜੀ।
ਸੁੱਟ ਦਿੱਤੀਆਂ ਅਸੀਂ ਛੱਤਰੀਆਂ ਨੇ,
ਲੋੜ ਨਾ ਅੱਜ ਹੈ ਛੱਤਾਂ ਦੀ,
ਹਰ ਇਕ ਬੂੰਦ ਹੈ ਇਕ ਇਕ ਅੱਖਰ,
ਕਮੀ ਹੈ ਕੀ ਸਾਨੂੰ ਖਤਾਂ ਦੀ?
ਪੱਤੇ ਰੁੱਖਾਂ ਦੇ ਸਰ-ਸਰ ਕਰਦੇ,
ਭੇਤ ਦੀਆਂ ਗੱਲਾਂ ਕਹਿੰਦੇ ਰਹਿਣ,
ਕੁਝ ਕੁਝ ਦਿਨਾਂ ਦੀ ਵਿੱਥ ਪਿੱਛੋਂ,
ਮੀਂਹ ਬੱਦਲਾਂ ਚੋਂ ਪੈਂਦੇ ਰਹਿਣ।



Comments

  1. bohot hi vadhia god bless you ................................keep it up.......

    ReplyDelete

Post a Comment

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ