ਕਿਸੇ ਸ਼ਾਮ ਨੂੰ
ਕੋਈ ਮਿਜਾਜ਼ ਬੱਦਲਾਂ ਦਾ
ਕੋਈ ਰਿਵਾਜ਼ ਬੱਦਲਾਂ ਦਾ
ਕਿਸੇ ਸ਼ਾਮ ਨੂੰ ਲੱਭੀਏ
ਇਹ ਰਾਜ਼ ਬੱਦਲਾਂ ਦਾ।
ਗਿੱਠ ਜਿੰਨੀ ਵਿੱਥ ਲੱਗੇ
ਉੰਞ ਭਾਵੇਂ ਦੂਰ ਬੜੇ
ਸਫਰ ਗਾਹੀ ਗਾਹੀ ਜਾਏ
ਜਹਾਜ਼ ਬੱਦਲਾਂ ਦਾ।
ਪੱਤੇ ਵੀ ਤਾਂ ਮਾਣਦੇ ਨੇ
ਬਿਲਕੁਲ ਮੇਰੇ ਵਾਂਗ ਬੈਠੇ
ਵੱਜਦਾ ਏ ਮੱਠਾ ਮੱਠਾ
ਸਾਜ਼ ਬੱਦਲਾਂ ਦਾ।
ਧਰਤੀ ਵਿਛੀ ਵਿਛੀ ਜਾਵੇ
ਚਿਹਰਿਆਂ ਉਮਾਹ ਚੜ੍ਹੇ
ਰੱਬ ਨੂੰ ਵੀ ਹੋਣੈ ਬੜਾ
ਨਾਜ਼ ਬੱਦਲਾਂ ਦਾ।
ਮੀਂਹ ਕਣੀ ਦੀਆਂ ਬੂੰਦਾਂ ਜਿਵੇਂ
ਰਿਆਜ਼ ਬੱਦਲਾਂ ਦਾ
ਕਿਸੇ ਸ਼ਾਮ ਨੂੰ ਲੱਭੀਏ
ਇਹ ਰਾਜ਼ ਬੱਦਲਾਂ ਦਾ।
Comments
Post a Comment