ਥੋੜ੍ਹਾ ਜਿਹਾ ਠਹਿਰ ਜਾਈਏ

ਤੁਰ ਕੇ ਬਨੇਰੇ ਕੌਲ ਆ ਜਾਈਏ
ਤੇ ਆ ਕੇ ਥੋੜ੍ਹਾ ਜਿਹਾ ਠਹਿਰ ਜਾਈਏ
ਜ਼ਰਾ ਉਪਰ ਵੀ ਵੇਖੀਏ,
ਜ਼ਰਾ ਨੀਚੇ ਵੀ ਵੇਖੀਏ
ਕਿਸੇ ਰੁੱਖ ਨੂੰ, ਫੁੱਲ ਨੂੰ, ਘਾਹ ਦੀ ਪੱਤੀ ਨੂੰ
ਕਿਸੇ ਬੱਦਲ ਦੇ ਟੋਟੇ ਨੂੰ
ਕਿਸੇ ਚੰਦਰਮਾ ਖੜੋਤੇ ਨੂੰ
ਥੋੜ੍ਹੀ ਧੌਣ ਵੀ ਘੁਮਾਈਏ
ਕੋਈ ਆਵਾਜ਼ ਵੀ ਲਗਾਈਏ
ਆਣ ਦੇਈਏ ਬੇਫ਼ਿਕਰੇ ਜਿਹੇ ਹੋ ਕੇ ਬਾਂਹਾਂ ਤੇ ਰੁਮਕਦੀਆਂ ਹਵਾਵਾਂ ਨੂੰ
ਭਿੱਜ ਜਾਈਏ ਕਿਸੇ ਸ਼ੁਕਰਾਨੇ ਦੇ ਵਿੱਚ
ਮਨ ਦਾ ਠਰੰਮਾ, ਦਿਲ ਦਾ ਸਕੂਨ
ਠਹਿਰੇ ਕੋਈ ਦੌੜਦਾ ਜਨੂੰਨ
ਕੋਈ ਖਿਮਾ ਕਰੀਏ, ਕੋਈ ਖਿਮਾ ਮੰਗੀਏ
ਕੋਈ ਕਰੀਏ ਇੱਕ ਨਿੱਕੀ ਅਰਦਾਸ
ਦਿਲ ਦੇ ਕਿਸੇ ਕੋਨੇ ਦੇ ਵਿੱਚ।
ਇਕ ਪਲ ਦਾ ਸੰਨਾਟਾ
ਹਵਾ ਦੀ ਖ਼ਾਮੋਸ਼ੀ
ਦਿਲ ਦਾ ਠਹਿਰਾਓ
ਕੋਈ ਰੁਕ ਚੁੱਕੇ ਵਲਵਲੇ।
ਫਿਰ ਪੁੱਛੀਏ ਨਾਲ ਬੈਠੇ ਹੋਏ ਨੂੰ
ਇਸ ਰਸ ਬਿਨਾਂ ਤੁਹਾਡਾ ਕਿੰਝ ਸਰਦਾ
ਕੀ ਐਸੇ ਦੇਸ ਕਿਸੇ ਜਾਵਣ ਨੂੰ
ਤੁਹਾਡਾ ਵੀ ਜੀਅ ਨਹੀਂ ਕਰਦਾ?




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ