ਖੜਾਕ
੧.
ਦੱਸੋ ਸਭ ਲੋਕ ਰਹੇ ਛੁਪ ਕਾਹਤੋਂ ਨੇ
ਸਾਡੇ ਦੋਹਾਂ ਦੇ ਚਿਹਰੇ ਅੱਜ ਚੁੱਪ ਕਾਹਤੋਂ ਨੇ
ਸਾਡੇ ਬੂਹੇ ਉੱਤੇ ਹੋ ਰਿਹਾ ਖੜਾਕ ਕਿਹੜਾ ਏ
ਉੱਚੀ ਉੱਚੀ ਮਾਰ ਰਿਹਾ ਹਾਕ ਕਿਹੜਾ ਏ
ਲੱਗੇ ਕੋਈ ਬਾਹਰ ਕੁਝ ਤੋੜ ਰਿਹਾ ਏ
ਕੋਈ ਬੱਚ ਰਿਹਾ ਏ, ਕੋਈ ਦੌੜ ਰਿਹਾ ਏ
ਬਾਰੀਆਂ ਤੇ ਬੂਹੇ ਕਾਹਤੋਂ ਭੇੜ ਰਹੇ ਹਾਂ
ਇਸ਼ਾਰਿਆਂ ਚ ਗੱਲ ਕਿਉਂ ਨਬੇੜ ਰਹੇ ਹਾਂ
ਧੂਆਂ ਕਿੱਥੋਂ ਕਾਲਾ ਜਿਹਾ ਆ ਰਿਹਾ ਏ
ਕੀ ਗਲੀ ਵਿਚ ਕੋਈ ਕੁਝ ਜਲਾ ਰਿਹਾ ਏ
ਦਿਨ ਨੂੰ ਹੀ ਕਾਸ ਤੋਂ ਹਨੇਰਾ ਹੋਇਆ ਏ
ਗੰਭੀਰ ਕਾਹਤੋਂ ਤੁਹਾਡਾ ਇੰਝ ਚਿਹਰਾ ਹੋਇਆ ਏ
---
ਭੁੱਲ ਗਏ, ਰੁਲ ਗਏ, ਖਿਆਲ ਕਿੰਨੇ ਹੀ
ਇਸ ਗੱਲ ਨੂੰ ਬੀਤ ਗਏ ਸਾਲ ਕਿੰਨੇ ਹੀ
ਚਿਤਾਵਾਂ ਦੀ ਧੂਣੀ ਅਸੀਂ ਸੇਕ ਆਏ ਆਂ
ਬੜਾ ਲੰਮਾ ਰਾਹ ਅਸੀਂ ਵੇਖ ਆਏ ਆਂ
ਘੁੱਟੇ ਹੋਏ ਅਸੀਂ ਕਾਹਤੋਂ ਦੰਦ ਅਜੇ ਵੀ
ਬੂਹੇ ਤੇ ਬਾਰੀਆਂ ਕਿਉਂ ਬੰਦ ਅਜੇ ਵੀ
ਅੱਜ ਵੀ ਹਨੇਰੇ ਏਨੇ ਘੁੱਪ ਕਾਹਤੋਂ ਨੇ
ਸਾਡੇ ਦੋਹਾਂ ਦੇ ਚਿਹਰੇ ਦੱਸੋ ਚੁੱਪ ਕਾਹਤੋਂ ਨੇ
੨
ਰਾਤ ਨੂੰ ਵਗਣ ਵਾਲੀ ਪੌਣ ਦਾ ਵੇਲਾ ਸੀ
ਸਫਰ ਦਾ ਨਹੀਂ, ਉਹ ਤਾਂ ਸੌਣ ਦਾ ਵੇਲਾ ਸੀ
ਆਪਣੇ ਹੀ ਘਰੋਂ ਮੁਕੱਦਰ ਨੇ ਤੋਰੇ ਕਾਹਤੋਂ
ਚਿਹਰੇ ਲੁਕਾਉਂਦਿਆਂ ਨਿਕਲੇ ਸੀ ਖੋਰੇ ਕਾਹਤੋਂ
ਮੁਖ ਵਿਚੋਂ ਨਿਕਲਦੇ ਸਾਹ ਕਾਹਤੋਂ ਡਰੇ ਹੋਏ
ਕੋਈ ਦੱਸਦਾ ਹੀ ਨਹੀਂ ਅਸੀਂ ਕਾਹਤੋਂ ਬੇਘਰੇ ਹੋਏ
ਇੰਝ ਕਿਉਂ ਜਾਪੇ ਕੋਈ ਸੱਟ ਤੁਹਾਡੇ ਵੱਜੀ ਹੈ
ਇੱਜ਼ਤਾਂ ਨੂੰ ਕੱਜਣ ਵਾਲੀ ਪੱਗ ਕਾਹਤੋਂ ਕੱਜੀ ਹੈ
ਬਿਨਾਂ ਮਿਲੇ ਕਿਸੇ ਨੂੰ ਮੁੱਖ ਮੋੜ ਆਏ ਹਾਂ
ਜਾਨ ਦੀ ਖਾਤਰ ਕਿਸ ਕੋਲੋਂ ਦੋੜ ਆਏ ਹਾਂ
ਅਸੀਂ ਨੱਠ-ਭੱਜ ਵਿਚ ਅੱਜ ਕੀਤੀ ਰਹਿਰਾਸ ਹੈ
"ਸਹਾਈ ਅੰਗ ਸੰਗ" ਕਿਉਂ ਕੀਤੀ ਅਰਦਾਸ ਹੈ
ਥਾਂ ਕਿਉਂ ਨੀ ਲੱਭ ਰਿਹਾ ਭਟਕਦੇ ਨੈਣਾਂ ਨੂੰ
ਕਿੱਥੇ ਛੱਡ ਆਏ ਅਸੀਂ ਵੀਰਿਆਂ ਤੇ ਭੈਣਾਂ ਨੂੰ
ਘਰ ਸਾਡੇ ਨੂੰ ਭਲਾ ਕੌਣ ਰਹੇ ਲੁੱਟ ਨੇ
ਕਿਤਾਬਾਂ ਤਾਂ ਮੇਰੀਆਂ ਪਿੱਛੇ ਗਈਆਂ ਛੁੱਟ ਨੇ
ਬਾਰੀ ਵਿਚੋਂ ਵੇਖਿਆ, ਬੜਾ ਹੀ ਹਨੇਰਾ ਏ
ਨੀਂਦ ਨਹੀਂ ਆਉਣੀ, ਮਨ ਕੱਚਾ ਜਿਹਾ ਮੇਰਾ ਏ
"ਅਸੀਂ ਕਿੱਥੇ ਚੱਲੇ" ਧੀਮੇ ਜਿਹੇ ਮੰਗਿਆ ਜਵਾਬ ਹੈ
ਤੁਸੀਂ ਕੰਨ ਵਿਚ ਆਖ ਦਿੱਤਾ ਹੋਲੀ ਜਿਹੇ "ਪੰਜਾਬ" ਹੈ

Comments
Post a Comment