ਅੱਜ ਦੀ ਰਾਤ ਕੁਝ ਨਾ ਬੋਲ

ਵੇ ਅੱਜ ਦੀ ਰਾਤ ਕੁਝ ਨਾ ਬੋਲ
ਰੁਕ ਕੇ ਕਿਤੇ ਕੁਝ ਘੜੀਆਂ
ਆ ਕਰੀਏ ਪੜਚੋਲ

ਚਿਰ ਤੋਂ ਕੁਝ ਵਿਚਾਰਿਆ ਨਹੀਂ
ਅਸੀਂ ਕਰਦੇ ਰਹੇ ਹਾਂ ਘੋਲ
ਆ ਰੁਕ ਜਾਈਏ, ਹੋ ਚੁੱਪ ਜਾਈਏ
ਇਹ ਪਲ ਬੜੇ ਅਨਮੋਲ
ਵੇ ਅੱਜ ਦੀ ਰਾਤ ਕੁਝ ਨਾ ਬੋਲ

ਪੋਲੇ ਕਦਮ ਤੁਰਦੇ ਆਪਾਂ
ਕਿਤੇ ਹੋ ਗਏ ਤਾਂ ਨਹੀਂ ਸੁਹਲ
ਕੀ ਸੱਚੀ ਮੁੱਚੀ ਗਉਰੇ ਹਾਂ
ਆ ਵੱਟੇ ਲਈਏ ਤੋਲ
ਅੱਜ ਦੀ ਰਾਤ ਕੁਝ ਨਾ ਬੋਲ

ਸਿਰ ਜੋੜ ਲਈਏ ਤੇ ਬੈਠ ਜਾਈਏ
ਇਕ ਦੂਜੇ ਦੇ ਕੋਲ
ਝਿਜਕ ਨੂੰ ਰੱਖ ਕੇ ਪਾਸੇ ਦੇਈਏ
ਦਿਲਾਂ ਦੇ ਜੰਦਰੇ ਖੋਲ
ਵੇ ਅੱਜ ਦੀ ਰਾਤ ਕੁਝ ਨਾ ਬੋਲ

ਕਿਸ ਪਾਸੇ ਨੂੰ ਜਾਣਾ ਹੈ
ਕੀ ਰਹੇ ਹਾਂ ਆਖਰ ਟੋਲ
ਪੁੱਛ ਲਈਏ, ਆ ਪਤਾ ਕਰੀਏ
ਦਿਲ ਦੇ ਦਰ ਫਰੋਲ
ਵੇ ਅੱਜ ਦੀ ਰਾਤ ਕੁਝ ਨਾ ਬੋਲ

ਭਟਕਦਿਆਂ ਇਨ੍ਹਾਂ ਰਾਹਾਂ ਵਿਚ
ਜਾਈਏ ਨਾ ਕਿਧਰੇ ਡੋਲ
ਇਸ ਰਾਤ ਦੇ ਕੰਢੇ ਬਹਿ ਕੇ
ਆ ਲਈਏ ਖੁਦ ਨੂੰ ਗੌਲ
ਵੇ ਅੱਜ ਦੀ ਰਾਤ ਕੁਝ ਨਾ ਬੋਲ

ਅਸੀਂ ਸਫਰਾਂ ਦੇ ਕੋਈ ਭੇਤੀ ਨਹੀਂ
ਅਸੀਂ ਰਾਹੀ ਹਾਂ ਅਣਭੋਲ
ਕਿਤੇ ਨ੍ਹੇਰੇ ਵਿਚ ਗੁੰਮ ਜਾਈਏ ਨਾ
ਲਈਏ ਨਾ ਖੁਦ ਨੂੰ ਰੋਲ
ਅੱਜ ਦੀ ਰਾਤ ਕੁਝ ਨਾ ਬੋਲ



Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ