ਉਹ ਗੱਲਾਂ ਕਰਦੇ ਉੱਡ ਗਏ

ਉਹ ਗੱਲਾਂ ਕਰਦੇ ਉੱਡ ਗਏ
ਖੰਭ ਲਗਾ ਕੇ ਸੋਚਾਂ ਨੂੰ
ਅਸੀਂ ਪੋਟਿਆਂ ਦੇ ਨਾਲ ਛੂਹ ਨਾ ਪਾਏ
ਡੂੰਘੀਆਂ ਪੁੱਜੀਆਂ ਖੋਜਾਂ ਨੂੰ
_

ਉਹ ਗੱਲਾਂ ਕਰਦੇ ਚਾਨਣ ਦੀਆਂ
ਚਿਹਰੇ ਲਿਆ ਕੇ ਨੂਰ ਬੜਾ
ਮਿੱਠੇ ਬੋਲ, ਬੰਨ੍ਹ ਕੇ ਰੱਖਣ
ਅੱਖਾਂ ਵਿਚ ਸਰੂਰ ਬੜਾ

ਅੰਬਰ ਆਪ ਪੁਗਾਵਣ ਆਵੇ
ਉੱਚੇ ਮਨ ਦੀਆਂ ਲੋਚਾਂ ਨੂੰ
ਜੋ ਗੱਲਾਂ ਕਰਦੇ ਉੱਡ ਗਏ
ਖੰਭ ਲਗਾ ਕੇ ਸੋਚਾਂ ਨੂੰ
_

ਚੁੱਪਚਾਪ ਬਹਿ ਕੇ ਕੁਦਰਤ ਸੁਣਦੀ
ਗੁਣਗੁਣਾਉਂਦਿਆਂ ਉਨ੍ਹਾਂ ਨੂੰ
ਥੱਕਦੇ ਨਹੀਂ, ਇਸ ਬਾਗ ਚ ਲੱਗੇ
ਫੁੱਲ ਸਲਾਹੁੰਦਿਆਂ ਉਨ੍ਹਾਂ ਨੂੰ

ਸ਼ਬਦ ਨੇ ਮਰਹਮ ਵਾਂਗਰ ਛੂੰਹਦੇ
ਹਿਰਦੇ ਪਈਆਂ ਖਰੋਚਾਂ ਨੂੰ
ਜਦ ਗੱਲਾਂ ਕਰਦੇ ਉੱਡ ਗਏ
ਖੰਭ ਲਗਾ ਕੇ ਸੋਚਾਂ ਨੂੰ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ