ਮਨ ਦਾ ਅੰਮ੍ਰਿਤਸਰ

ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ
ਉਸਾਰ ਰਿਹਾ ਹਾਂ ਤਖਤ ਅਕਾਲ
ਅਧਿਆਤਮ ਦੇ ਦਰ ਦੇ ਵਿਚ
ਟਿਕਾ ਰਿਹਾ ਹਾਂ ਤੀਰ ਤੇ ਢਾਲ

ਹਰਿਮੰਦਰ ਦਾ ਗੁੰਬਦ ਹੈ
ਸਜਿਆ ਸਿਰ ਦੁਮਾਲਾ ਜਿਵੇਂ
ਮਨ ਦੇ ਵਿਚਲੇ ਸ਼ਬਦ ਦੇ ਉੱਪਰ
ਤਨ ਰੰਗੀਨ ਰੁਮਾਲਾ ਜਿਵੇਂ
ਪਰਿਕਰਮਾ ਵਿਚ ਤੁਰ ਰਹੀ
ਮੇਰੇ ਕਦਮ ਦੀ ਮੱਧਮ ਮੱਧਮ ਚਾਲ

ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ
ਉਸਾਰ ਰਿਹਾ ਹਾਂ ਤਖਤ ਅਕਾਲ

ਸਜਾ ਰਿਹਾਂ ਹਾਂ ਨਿਸ਼ਾਨ ਸਾਹਿਬ
ਰੂਹਾਨੀਅਤ ਦੀਆਂ ਡਿਉੜੀਆਂ ਵਿਚ
ਉੱਪਰ ਤਖਤ, ਨੀਚੇ ਥੜ੍ਹੇ
ਮੈਂ ਵਿਚਾਲੇ ਪਉੜੀਆਂ ਵਿਚ
ਸਰੋਵਰ ਦੇ ਚਾਰ ਚੌਗਿਰਦ
ਸੁਣ ਰਹੀ ਮਲਾਰ ਪੜਤਾਲ

ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ
ਉਸਾਰ ਰਿਹਾ ਹਾਂ ਤਖਤ ਅਕਾਲ

ਮੈਨੂੰ ਖੰਭ ਮਿਲਣ ਕਿ ਉੱਡ ਸਕਾਂ
ਤਖਤਾਂ ਵਾਲੇ ਆਨੰਦ ਦੇ ਪੁਰ
ਮੈਨੂੰ ਪੈਰ ਮਿਲਣ ਕਿ ਤੁਰ ਸਕਾਂ
ਸੁਣਦੇ ਜਿੱਥੇ ਸਰ ਤੇ ਸੁਰ
ਤਖਤਾਂ ਦੇ ਪਰਛਾਵਿਆਂ ਵਿਚ
ਹੋਣ ਸਰੋਵਰ ਬੜੇ ਨਿਹਾਲ

ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ
ਉਸਾਰ ਰਿਹਾ ਹਾਂ ਤਖਤ ਅਕਾਲ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ