ਉਦਾਸ ਮਾਲੀ

ਉਹ ਮਿੱਟੀ ਨੂੰ ਵੀ ਫੱਬਿਆ ਤੇ ਫੁੱਲਾਂ ਨੂੰ ਵੀ ਫੱਬਿਆ
ਪਰ ਬਾਗ ਵਿੱਚ ਮਾਲੀ ਫਿਰ ਉਦਾਸ ਕਾਹਤੋਂ ਲੱਭਿਆ?

ਉਸ ਦੇ ਹੀ ਤਾਂ ਸਾਰੇ ਮਹਿਕਦੇ ਵਿਹੜੇ ਸੀ
ਉਹਦੇ ਨਾਲੋਂ ਫੁੱਲਾਂ ਦੇ ਹੋਰ ਕੌਣ ਨੇੜੇ ਸੀ?

ਕਿੱਥੇ ਉੱਡੇ ਪਰ ਉਹਦੇ ਚਿਹਰੇ ਦੇ ਖੇੜੇ ਸੀ?
ਦੱਸੋ ਕਾਹਤੋਂ ਕਮਲੇ ਨੇ ਦੁੱਖ ਜਿਹੇ ਸਹੇੜੇ ਸੀ?

ਸਾਰਿਆਂ ਦੇ ਨਾਲੋਂ ਜਿਆਦਾ ਉਹਦੇ ਹੱਥ ਮਹਿਕਦੇ
ਉਹਦੇ ਹੀ ਕਰਕੇ ਤਾਂ ਰੁੱਖ ਬੂਟੇ ਟਹਿਕਦੇ

ਉਹਨੇ ਹੀ ਤਾਂ ਇਹ ਕਤਾਰਾਂ ਖੜ੍ਹਾਈਆਂ ਸੀ
ਫਿਰ ਭਲਾ ਉਹਦੇ ਮਨ ਵਿੱਚ ਕੈਸੀਆਂ ਲੜਾਈਆਂ ਸੀ?

ਉਹਦੇ ਫੁੱਲਾਂ ਨੂੰ ਵੇਖ ਕੇ ਤਾਂ ਕਿੰਨੇ ਚਿਹਰੇ ਹੱਸਦੇ
"ਵਾਹ! ਸੁੰਦਰ! ਅਸੀਮ!" ਉਹ ਇੱਕ ਦੂਜੇ ਦੱਸਦੇ

ਕਿੰਨੇ ਹੀ ਫੁੱਲ ਉਹਦੇ, ਮੰਦਰਾਂ ਚ ਚੜ੍ਹਦੇ
ਤੇ ਕਿੰਨੇ ਲੋਕ ਫੁੱਲਾਂ ਨੂੰ ਚਿੱਠੀਆਂ ਚ ਜੜਦੇ!

ਤੇ ਕਿੰਨੇ ਹੀ ਫੁੱਲ ਇਹ ਧਰਤੀ ਸਜਾਂਵਦੇ
ਸਾਰੇ ਲੋਕੀ ਕਹਿੰਦੇ ਇਹ ਕਿੱਥੋਂ ਦੀ ਆਂਵਦੇ?

ਪਰ ਇਹਨਾਂ ਨੂੰ ਲਾਉਣ ਵਾਲਾ ਏਨਾ ਨਿਰਾਸ ਕਿਉਂ?
ਮੀਹਾਂ ਚ ਭਿਜਦੇ ਨੂੰ ਲੱਗੀ ਪਿਆਸ ਕਿਉਂ?

ਫਿਰ ਰਿਹਾ ਬਾਗ ਵਿੱਚ ਰੁੱਸਿਆ ਤੇ ਰੁਲਿਆ
ਮਹਿਕਾਂ ਨੂੰ ਆਪਣਾ ਮਾਲੀ ਹੀ ਭੁੱਲਿਆ?

ਉਹਦੀ ਅੱਖ ਚ ਜਲ, ਉਹਦੇ ਮੱਥੇ ਤਿਊੜੀਆਂ
ਲਾਲ ਰੰਗ ਨਾਲ ਵੇਖੋ ਗੱਲ੍ਹਾਂ ਹੋਈਆਂ ਗੂੜ੍ਹੀਆਂ

ਇਹਨਾਂ ਫੁੱਲਾਂ ਨੇ ਦੱਸੋ ਉਹਦਾ ਹਾਲ ਵੀ ਨਹੀਂ ਪੁੱਛਿਆ?
ਉਹਦੇ ਮਨ ਦਾ ਲੁਕਿਆ ਖਿਆਲ ਵੀ ਨਹੀਂ ਪੁੱਛਿਆ?

ਮੈਂ ਕੋਲੋ ਦੀ ਲੰਘਿਆ ਤਾਂ ਲੱਗਿਆ ਕੀ ਗੱਲ ਕਰਾਂ
ਉਹਨੂੰ ਕਹਾਂ ਬੋਲ ਤੇ ਕੰਨ ਉਹਦੇ ਵੱਲ ਕਰਾਂ

ਮੈਂ ਕੁਝ ਤਾਂ ਸੋਚ ਕੇ ਉਸ ਦੇ ਪਾਸ ਆਇਆ
ਪਰ ਵਾੜ ਤੇ ਬੈਠੇ ਨੂੰ ਛੇੜਨਾ ਨਾ ਰਾਸ ਆਇਆ

ਉਹਦਾ ਚੁੱਪ ਚਿਹਰਾ ਵੇਖ ਮੇਰੇ ਅੱਖਰ ਗਵਾਚ ਗਏ
ਖਿਆਲ ਹੀ ਸਾਰੇ ਕਿਸੇ ਹੋਰ ਖਲਾਅ ਚ ਗਏ

ਉਹਦੇ ਚਿਹਰੇ ਦਾ ਅਕਸ ਮੇਰੀ ਅੱਖ ਚ ਸੰਜੋ ਗਿਆ
ਗਿਆ ਨਾ ਖਲੋਇਆ, ਮੈਂ ਤਾਂ ਸੜਕ ਵੱਲ ਹੋ ਗਿਆ

ਮੇਰੀ ਅੱਖ ਵਿੱਚ ਜੜਿਆ ਭੁੱਲਦਾ ਹੈ ਅਕਸ ਨਾ
ਭਲਾ ਐਸਾ ਵਾਪਰਿਆ ਕੀ ਉਸ ਸ਼ਖਸ ਨਾਲ!

ਇਸ ਸਵਾਲ ਦਾ ਬੀਜ ਮੇਰੇ ਵਿੱਚ ਗਿਆ ਦੱਬਿਆ
ਕਿ ਬਾਗ ਵਿੱਚ ਮਾਲੀ ਹੀ ਉਦਾਸ ਕਾਹਤੋਂ ਲੱਭਿਆ!

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ