ਆਪਾਂ ਸੁਪਨੇ ਚ ਮਿਲਾਂਗੇ
ਚੱਲ ਮੈਂ ਵੀ ਸੌਣ ਚੱਲਾਂ, ਆਪਾਂ ਸੁਪਨੇ ਚ ਮਿਲਾਂਗੇ
ਆਪਾਂ ਬੜਾ ਤੁਰ ਲਏ, ਹੁਣ ਰੁਕਣੇ ਚ ਮਿਲਾਂਗੇ
ਕੋਈ ਹੋਰ ਸ਼ਹਿਰ ਤੇ ਕੋਈ ਹੋਰ ਦੇਸੜੇ
ਕੋਈ ਹੋਰ ਸੂਹਾਂ, ਤੇ ਹੋਰ ਸੰਦੇਸੜੇ
ਉਥੇ ਖਿਆਲ ਬੜੇ ਸੁੱਚੇ ਨੇ, ਅਕਾਸ਼ ਹੋਰ ਉੱਚੇ ਨੇ
ਦਰਿਆ ਬੜੇ ਮਿੱਠੇ ਨੇ - ਮੈਂ ਤਾਂ ਅੱਖੀਂ ਡਿੱਠੇ ਨੇ!
ਉਥੇ ਹਵਾ ਵਿਚ ਲਿਖੀਏ ਤਾਂ ਹਰਫ ਬਣ ਜਾਂਦੇ ਨੇ
ਪੈਂਦੇ ਹੋਏ ਮੀਂਹ ਸ਼ਾਂਤ ਬਰਫ ਬਣ ਜਾਂਦੇ ਨੇ
ਉੱਥੇ ਸਮੇਂ ਦੀ, ਖਿਆਲ ਦੀ, ਰਾਗ ਦੀ ਪਾਬੰਦੀ ਨਹੀਂ!
ਉੱਥੇ ਲੰਗਰ ਆਬਾਦ ਨੇ, ਤੇ ਜ਼ਰਾ ਜਿਹੀ ਵੀ ਮੰਦੀ ਨਹੀਂ
ਆਪਾਂ ਜਦ ਉੱਥੇ ਕਿਸੇ ਰੁੱਖ ਹੇਠ ਠਹਿਰਨਾ
ਸਮਾਂ ਰੁਕ ਜਾਣਾ, ਤੇ ਵਧੂ ਕੋਈ ਪਹਿਰ ਨਾ!
ਫਿਰ ਅਸੀਂ ਡਾਰਾਂ ਦੇ ਨਾਲ ਉੜ ਜਾਵਾਂਗੇ
ਉਨ੍ਹਾਂ ਦੇ ਨਾਲ ਰਲ ਆਲ੍ਹਣੇ ਬਣਾਵਾਂਗੇ
ਆਲ੍ਹਣਿਆਂ ਵਿਚ ਫਿਰ ਆਪਾਂ ਘਰ ਪਾਵਾਂਗੇ
ਹੌਂਸਲਾ ਰੱਖ - ਆਪਾਂ ਸਭ ਕਰ ਪਾਵਾਂਗੇ!
ਸੂਰਜ ਦੇ ਢਲਣੇ ਨੂੰ ਨੀਝ ਨਾਲ ਤੱਕਾਂਗੇ
ਰਾਤ ਦੀ ਰੋਸ਼ਨੀ ਨੂੰ ਸਾਂਭ ਸਾਂਭ ਰੱਖਾਂਗੇ
ਇਸ ਰਾਤ ਚ ਮਿਲ, ਕਿਸੇ ਚਾਨਣ ਚ ਖਿਲਾਂਗੇ
ਚਲ... ਤੂੰ ਵੀ ਸੌਂ ਜਾ... ਆਪਾਂ ਸੁਪਨੇ ਚ ਮਿਲਾਂਗੇ!
Comments
Post a Comment