ਇਲਜ਼ਾਮ ਲਗ ਗਏ
ਅਸੀਂ ਚਿੜੀਆਂ ਦੇ ਗੀਤ ਤਾਂ ਸੁਣਨ ਲਈ ਰੁਕੇ ਨਹੀਂ
ਇਹੋ ਜਿਹੇ ਗੁਨਾਹ ਹੋਣ ਆਮ ਲਗ ਗਏ
ਅਸੀਂ ਭਿੱਜ ਗਏ ਪਰ ਬੂੰਦਾਂ ਦਾ ਸ਼ੁਕਰ ਨਹੀਂ ਕੀਤਾ
ਅਸੀਂ ਇਸ ਗੱਲੋਂ ਹੋਣ ਬਦਨਾਮ ਲਗ ਗਏ
ਖਿਆਲ ਆਏ ਮਨਾਂ ਵਿਚ, ਸ਼ਬਦ ਨਹੀਂ ਬਣੇ
ਸ਼ਬਦ ਮਰੇ ਸਾਡੇ ਸਿਰ ਇਲਜ਼ਾਮ ਲਗ ਗਏ
ਅਸੀਂ ਕਲਮ ਨੂੰ ਚੁੱਕਣਾ ਸੀ, ਕਦਮ ਵੀ ਲੈਣੇ ਸੀ
ਪਰ ਅਫਸੋਸ ਅਸੀਂ ਕਰਨ ਅਰਾਮ ਲੱਗ ਗਏ
ਅਸੀਂ ਤੁਰੇ ਤਾਂ ਨਿੱਕੇ ਫੁੱਲ ਅੱਡੀ ਹੇਠ ਕੁਚਲ ਗਏ
ਸਾਡੇ ਬਾਗ ਵਿਚ ਵੜਨ ਤੇ ਵਿਰਾਮ ਲਗ ਗਏ
ਮੇਰੀ ਦੇਹਲੀ ਖਿੜੇ ਹੋਏ ਬੂਟੇ ਵੀ ਸੁੱਕ ਗਏ
ਏਨੀ ਗੱਲ ਹੋਈ ਸਾਡੇ ਸਿਰ ਇਨਾਮ ਲਗ ਗਏ
ਅਸੀਂ ਤਿਤਲੀਆਂ ਦੀ ਗੱਲ ਤੇ ਸੰਜੀਦਾ ਨਹੀਂ ਹੋਏ
ਸਗੋਂ ਹੱਸਣ ਅਸੀਂ ਵੇਖੋ ਸ਼ਰੇਆਮ ਲੱਗ ਗਏ
ਅਸੀਂ ਅਨਹਦ ਸੁਰਾਂ ਤੇ ਧਿਆਨ ਨਹੀਂ ਦਿੱਤਾ
ਤੇ ਹੋਰ ਹੀ ਕੁਝ ਗੁਣ-ਗੁਣਾਨ ਲੱਗ ਗਏ
ਅਸੀਂ ਦੋਸ਼ੀ ਹਾਂ ਰਬਾਬਾਂ ਦੇ ਗੀਤ ਵਿਸਾਰਣ ਦੇ
ਤਾਂ ਹੀ ਗਿਰਫਤਾਰੀ ਦੇ ਪੈਗਾਮ ਲੱਗ ਗਏ
ਜਦ ਅਸੀਂ ਰਾਹਾਂ ਦੀ ਰੰਗਤ ਚ ਗੁਆਚ ਗਏ
ਦੂਰ ਸਾਥੋਂ ਹੋਣ ਫਿਰ ਮੁਕਾਮ ਲਗ ਗਏ
ਸੁਣ ਵੇ ਪਿਆਰਿਆ! ਅਸੀਂ ਰੀਝਾਂ ਨੂੰ ਮਾਰਿਆ
ਹੋਣ ਸਾਥੋਂ ਇਹ ਕਤਲੇਆਮ ਲਗ ਗਏ
ਮੈਂ ਬਚਾਅ ਕਰਦਾ ਹਾਂ ਫਿਰ ਵੀ ਆਪਣੇ ਗੁਨਾਹਾਂ ਤੋਂ
ਕਿ ਦੋਸ਼ ਮੇਰੇ ਮਨ ਦੇ, ਮੇਰੇ ਬੱਸ ਨਾਮ ਲਗ ਗਏ
Comments
Post a Comment