ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ

ਜਦ ਛਾਵਾਂ ਹੇਠਾਂ ਲੇਟੇ ਹੋਵੋ
ਅੱਖਾਂ ਹੋਵਣ ਨੱਪੀਆਂ ਹੋਈਆਂ
ਰੁੱਖਾਂ ਉਪਰੋਂ ਡਿੱਗਣ, ਢੱਕਣ
ਨਿੱਘ ਵਰਤਾਵਣ ਪੱਤੀਆਂ-ਲੋਈਆਂ
ਸੋਚ-ਮਸ਼ਾਲਾਂ ਫਿਰ ਬੁੱਝ ਜਾਵਣ
ਮੱਧਮ ਜਗਦੀਆਂ ਬੱਤੀਆਂ ਹੋਈਆਂ
ਫਿਰ ਮਨ-ਰਾਤਾਂ ਦੇ ਅਸਮਾਨਾਂ ਵਿਚ
ਤਾਰਿਆਂ ਦੀਆਂ ਮੋਮਬੱਤੀਆਂ ਹੋਈਆਂ

ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ
ਮੈਂ ਤਾਂ ਇਸ ਦਾ ਨਾਂ, ਵਿਸਮਾਦ ਰੱਖਿਆ ਹੈ

ਜਦ ਗੁੰਮ ਹੋ ਜਾਵੋ ਬੈਠੇ ਬੈਠੇ
ਪੁੱਜਣ ਅੱਖਾਂ ਪਾਰ ਦਰਿਆਵਾਂ
ਬੰਦ ਕਮਰਿਆਂ ਦੇ ਵਿਚ ਵਗਣ
ਲਗਣ ਠੰਢੀਆਂ ਠਾਰ ਹਵਾਵਾਂ
ਲੰਘ ਰਹੀਆਂ ਕੋਈ ਖਿਆਲ-ਬਰਾਤਾਂ
ਵੇਖ ਆਈਏ ਜੀ ਵਿਚਾਰ-ਵਿਆਹਾਂ
ਮੁੜ ਆਈਏ ਜੀ ਕਮਰਿਆਂ ਵਿਚ ਫਿਰ
ਥੰਮੀਏ ਫਿਰ ਇਹ ਚੜ੍ਹਦੇ ਸਾਹਾਂ

ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ
ਮੈਂ ਤਾਂ ਇਸ ਦਾ ਨਾਂ, ਉਡਾਰੀ ਰੱਖਿਆ ਹੈ

ਜਦ ਡੂੰਘੀਆਂ ਗੱਲਾਂ ਵਿਚ ਡੁੱਬ ਜਾਵੋ
ਸਦੀਆਂ ਤੀਕਣ, ਟੁੱਟਣ ਘੜੀਆਂ
ਕੀ ਐਸੇ ਹੋ ਵਿਚਾਰ ਵਟਾਂਉਂਦੇ
ਸੁਣਨ ਲਈ ਤਕਦੀਰਾਂ ਖੜੀਆਂ
ਕੀਕਣ ਖਿਲਾਰੋ ਸੁਰਤ ਦੇ ਟੋਟੇ
ਕੀਕਣ ਜੋੜਦੇ ਜਾਵੋ ਕੜੀਆਂ
ਮੁੱਕਦੀਆਂ ਨਹੀਂ ਇਹ ਕਹਿਣ-ਜੋਗੀਆਂ
ਫੁੱਟਦੀਆਂ ਜਾਵਣ ਗੱਲਾਂ ਬੜੀਆਂ

ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ
ਮੈਂ ਤਾਂ ਇਸ ਦਾ ਨਾਂ, ਵਸਲ ਰੱਖਿਆ ਹੈ

ਜਦ ਉਧੜ ਜਾਵੋ ਧਾਗਿਆਂ ਵਾਕਣ
ਫੁੱਲ ਮੁਰਝਾਵਣ ਗਮਲਿਆਂ ਵਿਚੇ
ਫੱਟੜ ਹੋਵੋ, ਰੱਤ ਵੀ ਚੋਵੇ
ਮਨ-ਮੈਦਾਨ ਦੇ ਹਮਲਿਆਂ ਵਿਚੇ
ਸ਼ਸ਼ੋਪੰਜ ਚ ਨੈਣ ਰੁਕ ਜਾਵਣ
ਮਨ ਦੇ ਇਹ ਵਲਵਲਿਆਂ ਵਿਚੇ
ਸਮਝ ਨਾ ਆਵੇ ਫਰਕ ਕੋਈ ਵੀ
ਸਿਆਣਿਆਂ ਅਤੇ ਕਮਲਿਆਂ ਵਿਚੇ

ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ
ਮੈਂ ਤਾਂ ਇਸ ਦਾ ਨਾਂ, ਦਿਲਗੀਰੀ ਰੱਖਿਆ ਹੈ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ