ਤੁਸੀਂ ਵੀ ਚੱਲਣਾ ਉਂਗਲ ਫੜ ਕੇ

ਤੁਸੀਂ ਵੀ ਚੱਲਣਾ ਉਂਗਲ ਫੜ ਕੇ
ਮੇਰੇ ਨਾਲ ਉਸ ਬੂਹੇ ਚੋਂ
ਕਿਸੇ ਦਿਨ, ਜਦ ਗੁੰਮਣਾ ਚਾਹੋ
ਮੈਨੂੰ ਇਕ ਰਾਹ ਪਤਾ ਹੈ
ਮੈਂ ਕੱਲ ਰਾਤ ਜਦ ਫਿਰਦੇ ਫਿਰਦੇ
ਟੁੱਟੇ ਪੱਤਿਆਂ ਕੁਚਲ ਕੇ
ਪੋਲੇ ਕਦਮੀਂ ਲੰਘ ਆਇਆ ਸੀ
ਇਸ ਗਰਾਂ ਦੇ ਉਰਲੇ ਪਾਰ
ਉਸ ਗਰਾਂ ਦੇ ਹੋਰ ਪਰਾਂ ਸੀ
ਇਕ ਸਰਾਂ, ਮੈਂ ਕਿਸੇ ਤਰਾਂ
ਖੜਕਾ ਕੇ ਬੂਹੇ ਦਾ ਕੁੰਡਾ
ਮੋਰੀ ਵਿਚੋਂ ਦੇਖਿਆ ਸੀ
ਮੇਰੇ ਹੀ ਵਰਗਾ ਇਕ ਮੁੰਡਾ
ਖਿੜਕੀਆਂ ਚੋਂ ਪਾਰ ਵੇਖਦਾ
ਪਾਰ ਵੇਖਦਾ ਮੋਰੀ ਚੋਂ ਮੈਂ
ਖੋਲ ਲਿਆ ਸੀ ਬੂਹਾ ਫਿਰ
ਕਮਰਾ ਹੋ ਗਿਆ ਖਾਲੀ ਇਕਦਮ
ਮੁੰਡਾ ਕਿਤੇ ਅਲੋਪ ਹੋ ਗਿਆ
ਕੀ ਖਿੜਕੀ ਚੋਂ ਦੌੜ ਗਿਆ ਸੀ?
ਕਿਸ ਦਿਸ਼ਾ ਉਹ ਕਿਸ ਬੰਨੇ?
ਮੈਂ ਪੁੱਜਾ ਫਿਰ ਜਾ ਖਿੜਕੀ ਤੇ
ਦੇਖਣ ਲੱਗਾ ਦੂਰ ਵਾਰ
ਦੂਰ ਵਾਰ ਸੀ ਕੋਈ ਮੈਦਾਨ
ਪਾਰ ਮੈਦਾਨ ਦੇ ਇਕ ਸਰਾਂ
ਉਸ ਸਰਾਂ ਦਾ ਇਕ ਸੀ ਬੂਹਾ
ਉਸ ਬੂਹੇ ਤੇ ਕੋਈ ਖੜਾ
ਜਦ ਖੜਕਾਇਆ ਉਸ ਨੇ ਫਿਰ
ਬੂਹੇ ਦਾ ਕੁੰਡਾ ਇਕ ਵਾਰ
ਮੈਂ ਪਿੱਛੇ ਵੇਖਿਆ, ਬੂਹੇ ਵੱਲ
ਕੋਈ ਅੱਖ ਮਾਰ ਰਹੀ ਮੈਨੂੰ ਝਾਤ
ਮੈਂ ਫਿਰ ਗਾਇਬ ਹੋ ਗਿਆ,
ਜਿੰਨੇ ਨੂੰ ਖੁੱਲਾ ਫਿਰ ਬੂਹਾ
ਉਨੇ ਖੁੱਲਿਆ ਸੁਪਨਾ
ਮੈਂ ਉਡਾਰੀ ਮਾਰ ਹੋਇਆ ਬਾਹਰ
ਫਿਰ ਚੱਲਾਂਗੇ ਉਂਗਲ ਫੜ ਕੇ
ਆਪਾਂ ਜੀ ਉਸ ਬੂਹੇ ਤੀਕ...

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ