ਇਕ ਕੱਬਾ ਇਨਸਾਨ

ਸਾਹਮਣੇ ਉਹ ਜਿਹੜਾ ਬੰਦਾ ਸੀ ,
ਜਾਪਿਆ ਮੈਨੂੰ ਬੜਾ ਕੱਬਾ,
ਮੈਂ ਜਦ ਚੰਡ ਮਾਰਨ ਨੂੰ ਸੱਜਾ ਹੱਥ ਚੁੱਕਾਂ,
ਉਹ ਚੁੱਕ ਲੈਂਦਾ ਖੱਬਾ।

ਜਦ ਕੁਝ ਬੋਲਣ ਲਈ ਮੂੰਹ ਖੋਲਾਂ ,
ਉਹ ਵੀ ਮੂੰਹ ਖੋਲ੍ਹ ਲੈਂਦਾ,
ਇਹ ਵੇਖ ਡਰ ਅੰਦਰੋਂ ਉੱਠੇ ਮੇਰੇ,
ਇਸ ਲਈ ਮੈਂ ਕੁਝ ਨਹੀਂ ਕਹਿੰਦਾ।

ਮੈਨੂੰ ਲੱਗਿਆ ਮੈਨੂੰ ਮਾਰਨ ਲਈ,
ਇਸ ਸਾਜਸ਼ ਰਚੀ ਏ ਗੂੜ੍ਹੀ,
ਜਦ ਮੱਥੇ ਤੇ ਮੈਂ ਵੱਟ ਪਾਵਾਂ,
ਉਹ ਵੀ ਪਾ ਲਵੇ ਤਿਉੜੀ।

ਦੋ ਕਦਮ ਜਦ ਮੈਂ ਪਿੱਛੇ ਹਟਿਆ,
ਉਸ ਵੀ ਬਣਾ ਲਈ ਦੂਰੀ,
ਮੈਂ ਜਦ ਕ੍ਰੋਧ ਨਾਲ ਵੇਖਣਾ ਆਰੰਭਿਆ,
ਉਸ ਵੀ ਵੱਟ ਲਈ ਘੂਰੀ ।

ਮੈਂ ਨਖਰੇ ਨਾਲ ਵੀ ਤੱਕਿਆ ਉਸ ਨੂੰ,
ਉਸ ਵੀ ਸੌ ਨਖਰੇ ਵਿਖਾਏ,
ਜਦ ਮੈਂ ਦੰਦ ਸੀ ਪੀਸਣ ਲੱਗਾ,
ਉਸ ਵੀ ਦੰਦ ਘਸਾਏ।

ਉਹਦੀਆਂ ਇਹ ਨਮੂਨੀਆਂ ਹਰਕਤਾਂ ਵੇਖ,
ਉਹ ਬੰਦਾ ਨਹੀਂ ਮੈਨੂੰ ਜਚਿਆ,
ਚਿੜ੍ਹਾਉਣ ਦੀ ਖਾਤਰ ਉਸ ਨੂੰ ਮੈਂ,
ਜੀਭ ਵਿਖਾ ਕੇ ਨੱਚਿਆ।

ਭੜਕਾਉਣ ਲਈ ਜਦ ਮੈਂ ਨੱਚਿਆ ਸਾਂ,
ਉਸ ਮੈਨੂੰ ਹੀ ਉਲਟਾ ਭੜਕਾਇਆ,
ਮੈਂ ਤਾਂ ਨੱਚਿਆ ਸੀ ਬਈ ਉਹ ਸ਼ਰਮ ਕਰੇ,
ਉਸ ਮੈਨੂੰ ਹੀ ਨੱਚ ਕੇ ਵਿਖਾਇਆ।

ਜਿੰਨਾ ਮੈਂ ਉਸ ਨਾਲ ਲੜਨ ਨੂੰ ਪਵਾਂ,
ਉਹ ਟੁੱਟਣ ਨੂੰ ਪੈਂਦਾ ਹੋਰ ਵੱਧ ਸੀ,
ਇਹ ਸਭ ਕਿੰਞ ਮੈਂ ਸਹਿ ਸਕਦਾ,
ਪਾਰ ਹੋ ਗਈ ਹੁਣ ਹੱਦ ਸੀ।

ਇਹ ਸਭ ਵੇਖ ਇੱਕ ਮਿੱਤਰ ਕੋਲ ਸੀ ਆਇਆ,
ਸੁਆਲੀ ਨਿਗਾਹ ਇਕ ਰੱਚਦਾ,
ਮੈਂ ਦੱਸਿਆ, "ਇਹ ਸਾਹਮਣੇ ਵਾਲਾ ਦੁਸ਼ਮਣ,
ਮੈਨੂੰ ਜ਼ਰਾ ਨਾ ਜੱਚਦਾ।"

ਮੈਂ ਕਿਹਾ, "ਜਦ ਮੈਂ ਇਸਨੂੰ ਚਿੜ੍ਹਾਵਾਂ,
ਇਹ ਜੀਭ ਕੱਢ ਕੇ ਨੱਚਦਾ!"
ਮਿੱਤਰ ਕਹਿੰਦਾ, "ਕਮਲਿਆ! ਗੌਰ ਨਾਲ ਵੇਖ,
ਇਹ ਤਾਂ ਇਕ ਸ਼ੀਸ਼ਾ ਏ ਕੱਚ ਦਾ।"


Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ