ਇਜਲਾਸ
ਮੌਕਾ ਕੀ ਕੋਈ ਖਾਸ ਹੈ ਅੱਜ?
ਇਹ ਸਾਰੇ ਬੱਦਲ ਕਿੱਧਰ ਗਏ?
ਲਗਦੈ ਕੋਈ ਇਜਲਾਸ ਹੈ ਅੱਜ -
ਇਹ ਸਾਰੇ ਬੱਦਲ ਜਿੱਧਰ ਗਏ।
ਅੰਬਰ ਖਾਲੀ ਹੋ ਗਏ ਲਗਦੇ,
ਕੋਈ ਪਰਿੰਦੇ ਦੀਂਹਦੇ ਨਹੀਂ
ਬੱਦਲ ਨਾ ਕੋਈ ਚਿੱਟੇ ਰਹਿ ਗਏ
ਕਾਲੇ ਦਿਸਦੇ ਮੀਂਹ ਦੇ ਨਹੀਂ।
ਗਮਲਾ ਕੁਝ ਉਦਾਸ ਹੈ ਅੱਜ
ਇਹ ਸਾਰੇ ਬੱਦਲ ਕਿੱਧਰ ਗਏ?
ਲਗਦੈ ਕੋਈ ਇਜਲਾਸ ਹੈ ਅੱਜ -
ਇਹ ਸਾਰੇ ਬੱਦਲ ਜਿੱਧਰ ਗਏ।
ਹਵਾ ਵੀ ਗਾਇਬ ਲਗਦੀ ਏ
ਤਾਂ ਹੀ ਪੱਤੇ ਹਿਲਦੇ ਨਹੀਂ
ਟਾਹਣੀਆਂ ਲਗਦੀਆਂ ਨੀਰਸ ਕਈ
ਝੂਟੇ-ਝੋਕੇ ਮਿਲਦੇ ਨਹੀਂ
ਨਦੀ ਨੂੰ ਲੱਗੀ ਪਿਆਸ ਹੈ ਅੱਜ
ਇਹ ਸਾਰੇ ਬੱਦਲ ਕਿੱਧਰ ਗਏ?
ਲਗਦੈ ਕੋਈ ਇਜਲਾਸ ਹੈ ਅੱਜ -
ਇਹ ਸਾਰੇ ਬੱਦਲ ਜਿੱਧਰ ਗਏ।
ਕੋਰੀ ਨੀਲੀ ਛੱਤ ਪਈ
ਕੋਈ ਵੀ ਅੱਜ ਸਰਗਰਮੀ ਨਾ
ਰੁੱਖ ਬਾਬੇ ਅਰਦਾਸਾਂ ਕਰਦੇ
ਫੁੱਲ-ਪੱਤੀਆਂ ਵਿਚ ਨਰਮੀ ਨਾ
ਪਰਦੇਸ ਗਇਆਂ ਤੋਂ ਆਸ ਹੈ ਅੱਜ
ਇਹ ਸਾਰੇ ਬੱਦਲ ਕਿੱਧਰ ਗਏ?
ਲਗਦੈ ਕੋਈ ਇਜਲਾਸ ਹੈ ਅੱਜ -
ਇਹ ਸਾਰੇ ਬੱਦਲ ਜਿੱਧਰ ਗਏ।

Comments
Post a Comment