ਕਹਿਣ ਲੱਗਾ ਰੁੱਖ ਬਿਰਧ

ਕਹਿਣ ਲੱਗਾ ਰੁੱਖ ਬਿਰਧ, ਜੁਆਨਾ!
ਕੋਈ ਬੂਟਾ ਦਿਸੇ ਤਾਂ ਦੱਸੀਂ।

ਕਹਿਣ ਲੱਗਾ ਰੁੱਖ ਬਿਰਧ, ਦੁਆਲੇ
ਵਿਰਲਾ-ਵਿਰਲਾ ਰਾਹ ਏ
ਨਾ ਰਾਹੀ ਕੋਈ, ਨਾ ਪੰਛੀ ਕੋਈ
ਬੱਸ ਕੁੱਝ ਸੁੱਕਾ ਘਾਹ ਏ।
ਇਕ ਕੋਈ ਚਿੜੀ ਸੀ ਵਾਅਦੇ ਕਰਦੀ
ਕੁੱਝ ਦਿਨ ਹੋ ਗਏ, ਨੱਸੀ
ਕਹਿਣ ਲੱਗਾ ਰੁੱਖ ਬਿਰਧ, ਜੁਆਨਾ!
ਕੋਈ ਬੂਟਾ ਦਿਸੇ ਤਾਂ ਦੱਸੀਂ।

ਕਹਿਣ ਲੱਗਾ ਰੁੱਖ ਬਿਰਧ, ਇੱਧਰ
ਰਹਿ ਗਏ ਨਹੀਂ ਕੋਈ ਪੌਧੇ,
ਰਾਹ ਹੀ ਤੱਕਦੇ ਰੁੱਖ ਕਈ ਤੁਰ ਗਏ
ਖਾਲੀ ਬੜੇ ਨੇ ਅਹੁਦੇ।
ਟਾਹਣੀਆਂ ਸਾਡੀਆਂ ਢਿੱਲੀਆਂ ਪਈਆਂ,
ਤੂੰ ਕੱਸ ਸਕਦਾ, ਕੱਸੀਂ,
ਕਹਿਣ ਲੱਗਾ ਰੁੱਖ ਬਿਰਧ, ਜੁਆਨਾ!
ਕੋਈ ਬੂਟਾ ਦਿਸੇ ਤਾਂ ਦੱਸੀਂ।

ਕਹਿਣ ਲੱਗਾ ਰੁੱਖ ਬਿਰਧ, ਪਈਆਂ
ਅਣਸੁਣੀਆਂ ਕਈ ਗੱਲਾਂ;
ਅਣਦੱਸੇ ਕਈ ਕਿੱਸੇ ਕਹਿਣ ਨੂੰ
ਉੱਠਦੀਆਂ ਮਨ ਵਿਚ ਛੱਲਾਂ।
ਇਕ ਕੰਮ ਕਰਦੇ, ਲਵੀਂ ਅਸੀਸਾਂ,
ਜੁਗਾਂ-ਜੁਗਾਂ ਤੱਕ ਵੱਸੀਂ,
ਕਹਿਣ ਲੱਗਾ ਰੁੱਖ ਬਿਰਧ, ਜੁਆਨਾ!
ਕੋਈ ਬੂਟਾ ਦਿਸੇ ਤਾਂ ਦੱਸੀਂ।

ਕਹਿਣ ਲੱਗਾ ਰੁੱਖ ਬਿਰਧ, ਸਿਰ ਤੇ
ਦਾਦਿਆਂ ਦੇ ਕਈ ਕਰਜ਼ੇ,
ਕਿੰਞ ਲਾਹ ਜਾਈਏ, ਸਾਡੇ ਮੁੱਕਿਆਂ
ਮੁੱਕ ਜਾਵਣਗੇ ਤਜ਼ਰਬੇ।
ਤੂੰ ਦਿਸਿਆ ਹੈਂ, ਦੌੜ ਨਾ ਜਾਵੀਂ,
ਮਖੌਲ ਸਮਝ ਨਾ ਹੱਸੀਂ,
ਕਹਿਣ ਲੱਗਾ ਰੁੱਖ ਅੰਬ ਦਾ, ਜੁਆਨਾ!
ਕੋਈ ਬੂਟਾ ਦਿਸੇ ਤਾਂ ਦੱਸੀਂ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ