ਮੈਂ ਵੇਖਿਆ ਸੀ ਤੈਨੂੰ
ਮੈਂ ਵੇਖਿਆ ਸੀ ਤੈਨੂੰ
ਭੱਜਣਾ ਸਿੱਖਦਿਆਂ ਨੂੰ
ਪੈਰ ਉਦੋਂ ਨਿੱਕੇ-ਨਿੱਕੇ ਸਨ ਤੇਰੇ
ਨੱਠ ਕੇ ਗੋਦ ਮਾਂ ਦੀ ਤੋਂ,
ਤੂੰ ਭੱਜਿਆ ਸੀ
ਜਿਉਂ ਨਵ-ਜੰਮਿਆ ਬੱਦਲ ਕੋਈ ਗੱਜਿਆ ਸੀ।
ਮੈਂ ਵੇਖਿਆ ਸੀ ਤੈਨੂੰ,
ਦੌੜਾਕ ਬਣਨ ਦੀ ਤਿਆਰੀ ਵਿਚ
ਨਿਤ ਦਿਨ ਲਾਉਂਦਿਆਂ ਦੋੜਾਂ
ਇਕ ਖੰਭੇ ਤੋਂ ਦੂਜੇ
ਕਦੇ ਦੰਦ ਪੀਸਦਿਆਂ, ਪਰ ਕਦੇ ਚਾਅ ਨਾਲ।
ਕਿਵੇਂ ਭੱਜ-ਭੱਜ ਕੇ ਤੂੰ ਰੱਜਿਆ ਸੀ।
ਮੈਂ ਵੇਖਿਆ ਸੀ ਤੈਨੂੰ
ਮੀਂਹ ਵਿਚ ਵੀ ਜਾਂਦਿਆਂ।
ਮੈਂ ਤੁਰ ਰਿਹਾ ਸੀ, ਤੂੰ ਦੋੜ ਰਿਹਾ ਸੀ
ਜਿਵੇਂ ਦੋੜ ਓਦਣ ਤੂਫਾਨਾਂ ਨਾਲ ਈ ਲਾਈ ਹੋਵੇ।
ਜਿਸ ਨੂੰ ਸਮਝਿਆ ਮੈਂ ਪਾਣੀ ਮੀਂਹ ਦਾ,
ਪਰ ਅਸਲ, ਉਹ ਮੁੜ੍ਹਕਾ ਸਜਿਆ ਸੀ।
ਮੈਂ ਵੇਖਿਆ ਸੀ ਤੈਨੂੰ
ਜਿੱਦਣ ਜਿੱਤ ਗਿਆ ਕੋਈ ਹੋਰ, ਮਿੱਤਰਾ,
ਤੇ ਉਹ ਤਗਮਾ, ਜਿਹਨੇ ਚੁਣ ਲਿਆ ਕੋਈ ਹੋਰ ਗਲ਼।
ਸੋਚਦਾਂ, ਕਿਵੇਂ ਤੱਕੜੀ ਤੋਲ ਦਿੰਦੀ ਏ ਮੁੜ੍ਹਕਾ?
ਕਿਵੇਂ ਕਹਿ ਦਿਆਂ ਤੂੰ ਘੱਟ ਕਰ ਗਿਆ ਘਾਲਣਾ
ਮੈਂ ਤਾਂ ਵੇਖਿਆ ਸੀ - ਕਿ ਤੂੰ ਤਾਂ ਭੱਜਿਆ ਸੀ!
ਮੈਂ ਵੇਖਿਆ ਸੀ ਤੈਨੂੰ! ਤੂੰ ਤਾਂ ਭੱਜਿਆ ਸੀ!

Comments
Post a Comment