ਇੱਕ ਦੀ ਉਡੀਕ
ਕਾਹਲੀ ਕਾਹਲੀ ਆ ਕੇ ਕੋਈ ਕੰਨ ਵਿੱਚ ਕਹਿ ਗਿਆ
ਬਾਗ਼ ਵਿੱਚੋਂ ਕੋਈ ਇੱਕ ਫੁੱਲ ਖੋਹ ਕੇ ਲੈ ਗਿਆ
ਬੂੰਦ ਬੂੰਦ ਕਰ ਕੇ ਰੋ ਰਿਹਾ ਤੱਟ ਹੈ
ਸਮੁੰਦਰ ਦੇ ਪਾਣੀਆਂ ਚ ਇੱਕ ਬੂੰਦ ਘੱਟ ਹੈ
ਪੁੱਛਦੇ ਹੋ ਕਾਸ ਤੋਂ ਰਾਤ ਅੱਜ ਸੁੰਨ ਹੈ
ਰਾਤ ਦੇ ਆਕਾਸ਼ ਵਿੱਚੋਂ ਤਾਰਾ ਇਕ ਗੁੰਮ ਹੈ
ਦੋ ਕਦਮ ਛੁੱਟ ਗਈ ਕਾਫਲੇ ਦੀ ਵਾਟ ਹੈ
ਏਡੇ ਵੱਡੇ ਖੇਤ ਵਿਚ, ਕਿਣਕੇ ਦੀ ਘਾਟ ਹੈ
ਬੂਹੇ ਵੱਲ ਦੇਖਿਆ, ਕੁਝ ਤਾਂ ਅਧੂਰਾ ਏ
ਇਕ ਸਾਜ਼ ਘੱਟ ਹੈ, ਉੰਞ ਗੀਤ ਪੂਰਾ ਏ
ਸੁੰਨੀ ਜਿਹੀ ਹਵਾ ਹੈ, ਬਾਕੀ ਸਭ ਠੀਕ ਹੈ
ਸਭ ਲੋਕ ਪਹੁੰਚ ਗਏ, ਇੱਕ ਦੀ ਉਡੀਕ ਹੈ

Comments
Post a Comment