ਮੇਰੇ ਸ਼ਬਦ ਕਿੱਥੇ ਗੁੰਮ ਗਏ?
ਮੇਰੇ ਸ਼ਬਦ ਕਿੱਥੇ ਗੁੰਮ ਗਏ?
ਮੇਰੇ ਗੀਤ ਕਿੱਥੇ ਦੱਬ ਗਏ?
ਮੇਰੀ ਆਵਾਜ਼ ਕਿੱਥੇ ਛੁਪ ਗਈ?
ਕਿਤੇ ਕੋਈ ਲੈ ਤਾਂ ਨਹੀਂ ਗਿਆ
ਮੇਰੇ ਸੁੱਤਿਆਂ ਪਿਆਂ ਤੋਂ
ਕੋਈ ਪੋਲੇ ਪੈਰੀਂ ਆ ਕੇ
ਦਿਲ ਦੇ ਦਰਾਜ ਚੋਂ ਚੁੱਪ ਚਪੀਤੇ ਕੱਢ ਕੇ?
ਕਿ ਮੈਂ ਆਪ ਹੀ ਕਿਤੇ ਰੱਖ ਕੇ ਭੁੱਲ ਤਾਂ ਨਹੀਂ ਬੈਠਾ?
ਕਿਤੇ ਮੈਥੋਂ ਹੀ ਤਾਂ ਨਹੀਂ ਗੁੰਮ ਗਏ?
ਜਦ ਮੈਨੂੰ ਆਪਣੀ ਚਾਲ ਦਾ ਖਿਆਲ ਨਾ ਰਿਹਾ,
ਤਾਂ ਕਿਤੇ ਮੇਰੀ ਜੇਬ ਵਿਚੋਂ ਤਾਂ ਨਹੀਂ ਡਿੱਗ ਪਏ?
ਜਾਂ ਕਿਤੇ ਮੈਂ ਆਪਣੀ ਭਾਸ਼ਾ ਹੀ ਤਾਂ ਨਹੀਂ ਭੁੱਲ ਗਿਆ?
ਪੱਤਿਆਂ ਦੇ ਗੀਤ
ਫੁੱਲਾਂ ਦੀ ਪ੍ਰੀਤ
ਹਵਾਵਾਂ ਦੇ ਸੁਰ
ਚਿੜੀਆਂ ਦੇ ਰਾਗ
ਕਿਤੇ ਮੈਨੂੰ ਹੀ ਬੁੱਝਣੇ ਤਾਂ ਨਹੀਂ ਵਿਸਰ ਗਏ?
ਪਿਆਰੇ ਸ਼ਬਦੋ! ਗੀਤੋ!
ਮੈਂ ਖੋਜ ਰਿਹਾ ਹਾਂ, ਉਡੀਕ ਰਿਹਾ ਹਾਂ
ਮੈਂ ਤੁਹਾਡੇ ਤੋਂ ਬਿਨਾਂ ਕੁਝ ਕਿਵੇਂ ਸਮਝਾਂ, ਕਿਵੇਂ ਪਾਵਾਂ?
ਮੇਰੀ ਮਸ਼ਾਲ ਨੇ ਮੇਰੇ ਗੀਤ
ਹਾਏ! ਕਿਤੇ ਗੁੰਮ ਨਾ ਜਾਣ, ਕਿਤੇ ਬੁੱਝ ਨਾ ਜਾਣ।

Comments
Post a Comment