ਇਹ ਜੋ ਫੁੱਲ ਜੋੜ ਜੋੜ ਸਜਾਉਨਾਂ ਏਂ
ਇਹ ਜੋ ਫੁੱਲ ਜੋੜ ਜੋੜ ਸਜਾਉਨਾਂ ਏਂ
ਇਹ ਮਿਲਣ ਦਾ ਹੀ ਤਾਂ ਬਹਾਨਾ ਏਂ
--
ਤੂੰ ਸਾਝਰੇ ਬਾਗ ਚ ਪੁੱਜਨਾਂ ਏਂ
ਤੇ ਔਸ ਚ ਪੈਰ ਦੌੜਾਨਾਂ ਏਂ
ਹਰ ਫੁੱਲ ਨੂੰ ਵੇਖ ਕੇ ਚੁਣਨਾਂ ਏਂ
ਹਰ ਮੈਲੀ ਕਲੀ ਹਟਾਉਨਾਂ ਏਂ
ਫਿਰ ਮਾਲਾ ਇਕ ਪਿਰੋਨਾਂ ਏਂ
ਦੂਰ ਤੱਕ ਮਹਿਕ ਫੈਲਾਉਨਾਂ ਏਂ
--
ਤੂੰ ਜਾਣਦਾਂ ਹੈ ਮੁੱਲ ਪੈਣਾ ਨਹੀਂ
ਪਰ ਆਸਾਂ ਬੁਣਦਾ ਜਾਨਾਂ ਏਂ
ਮਿਲਣੇ ਦੀਆਂ, ਰੂਹ ਖਿੜਣੇ ਦੀਆਂ
ਐਵੇਂ ਮਨ ਨੂੰ ਕਿਉਂ ਬਹਿਲਾਉਨਾਂ ਏਂ
ਇਹ ਬਿਖਰਣਗੇ ਫੁੱਲ ਰੁਲ ਜਾਣਗੇ
ਤੂੰ ਫਿਰ ਵੀ ਬੋਝੇ ਪਾਉਨਾਂ ਏ
--
ਤੂੰ ਮਨ ਨੂੰ ਦੇਵੇਂ ਦਿਲਾਸੇ ਪਰ
ਕਿਉਂ ਬੈਠ ਕੇ ਨਾ ਸਮਝਾਉਨਾਂ ਹੈਂ
ਫੁੱਲ ਰੋਂਦੇ ਨੇ ਤੇਰੀ ਕੋਸ਼ਿਸ਼ ਤੇ
ਕਿਉਂ ਝੂਠੀ ਆਸ ਦਿਖਾਉਨਾਂ ਹੈਂ
ਹਨ ਤੈਨੂੰ ਵੇਖ ਇਹ ਅੱਖ ਭਰਦੇ
ਬੱਸ ਤੂੰ ਹੀ ਏਂ, ਮੁਸਕਰਾਉਨਾਂ ਹੈਂ
--
ਤੇਰੀ ਜ਼ਿਦ ਹੈ ਸੱਜਣਾ ਜ਼ਿਦ ਸਹੀ
ਤੂੰ ਅਸਾਂ ਦੇ ਮੱਥੇ ਝੁਕਾਉਨਾਂ ਹੈਂ
ਵੇਖ ਸਦਕੇ ਤੇਰੇ ਉਡੀਕਣੇ ਦੇ
ਇਹ ਜਲ ਵੀ ਬੜਾ ਹੈਰਾਨਾ ਹੈ
ਨਹੀਂ ਮੁੜਨਾ ਤੂੰ ਇਸ ਕੁਦਰਤ ਚੋਂ
ਇਹ ਬਾਗ ਹੁਣ ਤੇਰਾ ਘਰਾਨਾ ਏ
--
ਇਸ ਬਾਗ ਚ ਖੂਬ ਹਰਿਆਲੀ ਹੈ
ਇਹ ਬਾਗ ਤਾਂ ਖੂਬ ਵਿਰਾਨਾ ਏ
ਅਸੀਂ ਵੀ ਦਰਦ ਦੇ ਜਾਣੂ ਹਾਂ
ਕਿਉਂ ਸਾਥੋਂ ਦੁੱਖ ਛੁਪਾਉਨਾ ਹੈਂ
ਜੇ ਰੋ ਲਵੇਂ ਪਿਆਰਿਆ ਪਲ ਕੁ ਜਿਹਾ
ਤਾਂ ਹੋਣਾ ਕੋਈ ਗੁਨਾਹ ਨਾ ਏ
--
ਇਹ ਜੋ ਫੁੱਲ ਜੋੜ ਜੋੜ ਸਜਾਉਨਾਂ ਏ
ਇਹ ਮਿਲਣ ਦਾ ਹੀ ਤਾਂ ਬਹਾਨਾ ਏ
Comments
Post a Comment