ਹਵਾ ਦਾ ਕੰਮ ਹੈ ਵਗਣਾ
ਹਵਾ ਦਾ ਕੰਮ ਹੈ ਵਗਣਾ
ਤੇ ਮੇਰਾ ਕੰਮ ਹੈ ਲੱਭਣਾ ਉਸਨੂੰ
ਤੇ ਇਸ ਕਾਰੇ ਲਗਣਾ -
ਕਿ ਸ਼ਬਦ ਦਿਆਂ ਉਹਦੇ ਵਗਣੇ ਨੂੰ
ਉਹਦੇ ਮਨ ਨੂੰ ਸੁਹਣੇ ਲਗਣੇ ਨੂੰ
ਪਰੋਸਾਂ ਪਾ ਕੇ ਤੁਹਾਨੂੰ ਵੀ
ਕਿ ਵਸੇ ਵੇਗ ਤੁਹਾਡੇ ਅੰਦਰ
ਕਿ ਇੰਝ ਮੈਂ ਵੰਡਾਂ ਹਵਾ ਦੇ ਲੰਗਰ
ਜਲ ਦਾ ਕੰਮ ਹੈ ਵਗਣਾ
ਤੇ ਮੇਰਾ ਕੰਮ ਹੈ ਛੂਹਣਾ ਉਸਨੂੰ
ਤੇ ਇਸ ਕਾਰੇ ਲੱਗਣਾ -
ਕਿ ਪਿਰੋ ਲਵਾਂ ਮੈਂ ਜਲ ਦੇ ਟੁਕੜੇ
ਛਲਕਦੇ, ਡਲ੍ਹਕਦੇ ਫੁੱਲਾਂ ਤੋਂ
ਕੁਝ ਹੰਝੂਆਂ ਨੂੰ, ਕੁਝ ਪਾਣੀਆਂ ਨੂੰ
ਕੁਝ ਰੁਲ ਰਹੀਆਂ ਕਹਾਣੀਆਂ ਨੂੰ
ਤੇ ਪਿਰੋ ਲਵਾਂ ਮੈਂ ਮੋਤੀਆਂ ਵਾਂਗ
ਰਾਤ ਦਾ ਕੰਮ ਹੈ ਜਗਣਾ
ਤੇ ਮੇਰਾ ਕੰਮ ਹੈ ਵੇਖਣਾ ਉਸਨੂੰ
ਤੇ ਇਸ ਕਾਰੇ ਲੱਗਣਾ -
ਕਿ ਭੇਤ ਲੱਭਾਂ ਇਸ ਜਗਣੇ ਦੇ
ਦਿਲਗੀਰ ਜਿਹੇ ਹਿਰਦੇ ਠਗਣੇ ਦੇ
ਕਾਰਨ ਸੂਰਜ ਲੋਪ ਹੋਣ ਦੇ
ਖੋਜਣ ਵਾਲੇ ਲੋਕ ਹੋਣਗੇ
ਖੋਜਣਾ ਉਨ੍ਹਾਂ ਖੋਜੀਆਂ ਨੂੰ
ਗੀਤ ਦਾ ਕੰਮ ਹੈ ਰਗਣਾ
ਤੇ ਮੇਰਾ ਕੰਮ ਹੈ ਗਾਉਣਾ ਉਸਨੂੰ
ਤੇ ਇਸ ਕਾਰੇ ਲੱਗਣਾ -
ਕਿ ਤੁਕ ਨਾਲ ਤੁਕਾਂ ਜੁੜਦੀਆਂ ਰਹਿਣ
ਚਾਲਾਂ ਇੰਝ ਹੀ ਤੁਰਦੀਆਂ ਰਹਿਣ
ਤੇ ਮੈਂ ਇਸ ਕੁਦਰਤ ਪੜ੍ਹਦਾ ਰਹਾਂ
ਭੇਤ ਹਵਾ ਚੋਂ ਫੜਦਾ ਰਹਾਂ
ਤੇ ਜਲ ਨੂੰ ਰਾਤ ਚ ਲੱਭਦਾ ਰਹਾਂ
Comments
Post a Comment