ਹਾਲੇ ਹੋਰ ਗੂੜ੍ਹਾ ਹੋਣਾ ਹੈ, ਹੋਰ ਗਹਿਰਾ ਤਰਨਾ ਹੈ

ਹਾਲੇ ਹੋਰ ਗੂੜ੍ਹਾ ਹੋਣਾ ਹੈ
ਹੋਰ ਗਹਿਰਾ ਤਰਨਾ ਹੈ
ਹਾਲੇ ਵੀ ਕੁਝ ਹਨੇਰਾ ਹੈ
ਹੋਰ ਚਾਨਣ ਕਰਨਾ ਹੈ

ਹਾਲੇ ਵੀ ਤਪਸ਼ ਕਾਫੀ ਏ
ਇਸ ਵਧਦੇ ਮਾਰੂਥਲ ਦੇ ਵਿਚ
ਹਾਲੇ ਮੈਂ ਸੁਰਤਾਂ ਠਾਰ ਕੇ
ਮੀਹਾਂ ਵਾਂਗੂ ਵਰ੍ਹਨਾ ਹੈ

ਹਾਲੇ ਤਾਂ ਹਾਸੇ ਬੋਣੇ ਨੇ
ਵਿਰਾਨੇ ਜਿਹੇ ਇਨ੍ਹਾਂ ਖੇਤਾਂ ਵਿਚ
ਹਾਲੇ ਦੇਰ ਲੱਗੂ ਕਿ ਜਦ ਨੂੰ ਮੈਂ
ਬਹਾਰਾਂ ਵਿਚ ਵਿਚਰਨਾ ਹੈ

ਹਾਲੇ ਨਹੀਂ ਲਾਲੀ ਦਿਖ ਰਹੀ
ਇਨ੍ਹਾਂ ਚਿਹਰਿਆਂ ਤੇ, ਸੁਨਹਿਰਿਆਂ ਤੇ
ਹੋਰ ਵਿਸਮਾਦਤ ਹੋਣਾ ਹੈ
ਹਾਲੇ ਤਾਂ ਹੋਰ ਨਿਖਰਨਾ ਹੈ

ਹਾਲੇ ਨਹੀਂ ਛੂਹਿਆ ਬਿਰਹੇ ਨੂੰ
ਹਾਲੇ ਤਾਂ ਤੜਫਣ ਤੀਬਰ ਨਹੀਂ
ਹਾਲੇ ਪੱਤਾ ਪੱਤਾ ਹੋਣਾ ਹੈ
ਹਾਲੇ ਤਾਂ ਮੈਂ ਬਿਖਰਨਾ ਹੈ

ਹਾਲੇ ਤਾਂ ਅੱਗ ਵਾਂਗ ਬਲਣਾ ਹੈ
ਹਾਲੇ ਜਲ ਵਾਂਗਰ ਠਰਨਾ ਹੈ
ਹਾਲੇ ਤਾਂ ਰੱਜ ਕੇ ਜਿਊਣਾ ਹੈ
ਹਾਲੇ ਜੀਊਣ ਤੋਂ ਪਹਿਲਾਂ ਮਰਨਾ ਹੈ

ਤੁਸੀਂ ਤਾਂ ਚੁੱਪ ਹੋ ਸਦੀਆਂ ਤੋਂ
ਤੁਸੀਂ ਕਿੰਨੀ ਵਾਰ ਮੁਕਰਨਾ ਹੈ?
ਇਨ੍ਹਾਂ ਲਾਰਿਆਂ ਨਾਲ, ਇਸ਼ਾਰਿਆਂ ਨਾਲ
ਦੱਸੋ ਸਾਡਾ ਕਿੱਥੋਂ ਸਰਨਾ ਹੈ

ਹਾਲੇ ਤਾਂ ਹੰਝੂ ਤਾਜ਼ੇ ਨੇ
ਇਸ ਦੇਸ ਦੇ ਕਿਸੇ ਇਲਾਕੇ ਵਿਚ
ਹਾਲੇ ਹੋਰ ਸ਼ਹੀਦੀ ਹੋਣੀ ਹੈ
ਮੇਰੇ ਸਿਰ ਤੇ ਕੇਸਰੀ ਪਰਨਾ ਹੈ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ