ਹਲਕਾ ਨਮਕ
ਮਿੱਠੇ ਪ੍ਰੇਮ ਚ ਹਲਕਾ ਨਮਕ ਹੈ ਵਿਛੜਣ ਦਾ
ਪਰ ਕਰੀਏ ਕੀ, ਢੰਗ ਏਹੋ ਹੀ ਏ ਨਿਖਰਣ ਦਾ
ਇਸ ਸੁੰਦਰ ਮੌਸਮ ਦੇ ਵਿਚ ਉੱਡਦੇ ਪੱਤਿਆਂ ਨੂੰ
ਤੁਸੀਂ ਪੁੱਛੋ ਮਜ਼ਾ ਕੀ ਹੈ ਉੱਡ ਕੇ ਬਿਖਰਣ ਦਾ
ਅਸੀਂ ਕੁਚਲੀਏ ਨਾ ਤੇ ਸਾਂਭ ਕੇ ਰੱਖੀਏ ਟੁੱਟਿਆਂ ਨੂੰ
ਜਦ ਵੀ ਮੌਕਾ ਮਿਲਦੈ ਬਾਗ ਚ ਵਿਚਰਣ ਦਾ
ਅਸੀਂ ਬੈਠੀਏ, ਚੁੱਕੀਏ ਟੁੱਟੇ ਪੱਤੇ, ਗੌਰ ਕਰੀਏ
ਮਿਲੇ ਜੇ ਸਾਨੂੰ ਸਮਾਂ ਗੱਲ ਕੋਈ ਚਿਤਵਣ ਦਾ
ਕਿ ਵਿਛੜ ਕੇ ਇਨ੍ਹਾਂ ਟਾਹਣੀਆਂ ਤੋਂ ਫਿਰ ਉੱਗ ਪੈਣਾ
ਸਾਨੂੰ ਵੀ ਕਾਸ਼ ਢੰਗ ਆ ਜਾਏ ਨਿਤਰਣ ਦਾ
ਵਿਛੋੜਾ ਵੀ ਵਿਸਮਾਦ ਹੀ ਹੈ ਜੇ ਮੰਨੀਏ ਤਾਂ
ਕਿਣਕਾ ਵੀ ਨਾ ਹੋਵੇ ਐਪਰ ਵਿਸਰਣ ਦਾ
ਪਰਵਾਨ ਹੈ ਜੀ ਉੱਜੜਨਾ ਤੇ ਦੂਰ ਹੋਣਾ
ਘਰ ਤੋਂ ਦੂਰ ਵੀ ਚੇਤਾ ਰਹੇ ਜੇ ਪਰਤਣ ਦਾ
ਮਿੱਠੇ ਪ੍ਰੇਮ ਚ ਹਲਕਾ ਨਮਕ ਹੈ ਵਿਛੜਣ ਦਾ
ਪਰ ਕਰੀਏ ਕੀ, ਢੰਗ ਏਹੋ ਹੀ ਏ ਨਿਖਰਣ ਦਾ
Comments
Post a Comment