ਉਕੇਰਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ
ਉਕੇਰਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ
ਇਕ ਦੂਜੇ ਤੋਂ ਲੁਕ ਛੁਪ ਕੇ
ਕੋਈ ਆਕਾਰ ਤਾਂ ਬਣਨਗੇ ਹੀ
ਜੁੜ ਜਾਵਣ ਜੇ ਛਿੱਟੇ ਤੁਪਕੇ
ਰੰਗਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ
ਇਕ ਦੂਜੇ ਤੋਂ ਲੁਕ ਛੁਪ ਕੇ
ਰੰਗ ਚੜ੍ਹਨਗੇ ਖੂਬ ਇਹ
ਧੁੱਪਾਂ ਹੇਠਾਂ ਸੁੱਕ ਕੇ
ਸਜਾਵਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ
ਇਕ ਦੂਜੇ ਤੋਂ ਲੁਕ ਛੁਪ ਕੇ
ਫਿਰ ਵੇਖੀਏ ਕਾਰੀਗਰਾਂ ਵਾਂਗ
ਹਰ ਲਕੀਰ ਦੇ ਮਗਰੋਂ ਰੁਕ ਕੇ
ਨਿਹਾਰਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ
ਇਕ ਦੂਜੇ ਤੋਂ ਲੁਕ ਛੁਪ ਕੇ
ਫੜੀਏ ਨਾ ਅਸੀਂ ਵੇਂਹਦਿਆਂ ਨੂੰ
ਏਦਾਂ ਨਜ਼ਰਾਂ ਚੁੱਕ ਕੇ
ਨਿਵਾਜਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ
ਇਕ ਦੂਜੇ ਤੋਂ ਲੁਕ ਛੁਪ ਕੇ
ਹਨੇਰੇ ਦੇ ਵਿਚ ਭਿੱਜਦੇ, ਸਿਜਦੇ
ਦਿਲ ਦਰਵਾਜ਼ੇ ਝੁਕ ਕੇ
ਫਿਰ ਮਿਲਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ
ਨਾ ਲੁਕ ਕੇ, ਨਾ ਛੁਪ ਕੇ
ਨਿਖਰਾਂਗੇ ਜਦ ਚਾਨਣੇ ਵਿਚ
ਰੋਸ਼ਨੀਆਂ ਵਿਚ ਧੁਪ ਕੇ
Comments
Post a Comment