ਤੁਹਾਡੇ ਸ਼ਬਦ ਆ ਗਏ ਸੀ

ਤੁਹਾਡੇ ਸ਼ਬਦ ਆ ਗਏ ਸੀ
ਤੁਹਾਡਾ ਹਾਲ ਦੱਸ ਗਏ ਸੀ

ਤੁਹਾਡੀ ਸੁੱਖ-ਸਾਂਦ, ਤਾਜ਼ੀਆਂ ਤਸਵੀਰਾਂ,
ਨਵੀਆਂ ਖਬਰਾਂ, ਨਵੀਆਂ ਪੀੜਾਂ
ਹੱਸਣੇ ਰੋਣੇ ਦੀਆਂ ਗਿਣਤੀਆਂ ਮਿਣਤੀਆਂ
ਨਵਿਆਂ ਸੁਫਨਿਆਂ ਦੀਆਂ ਤੰਦਾਂ-ਬੁਣਤੀਆਂ

ਤੁਸੀਂ ਕਦ ਕਿਸ ਨੂੰ ਮਿਲੇ
ਤੇ ਵਿਛੜਣ ਦੇ ਸਿਲ-ਸਿਲੇ
ਤੁਸੀਂ ਕਿਸ ਕਿਸ ਪਲ ਹੱਸਿਆ
ਉਨ੍ਹਾਂ ਇਹ ਵੀ ਸਾਨੂੰ ਦੱਸਿਆ
ਤੇ ਕਦ ਕਦ ਤੁਸੀਂ ਰੋਏ
ਕਦ ਜੀਏ, ਕਦ ਮੋਏ

ਤੁਹਾਡੇ ਨਵੇਂ ਪਤੇ, ਨਵੇਂ ਸ਼ੌਂਕ, ਨਵੇਂ ਖਿਆਲ ਦੱਸ ਗਏ ਸੀ
ਤੁਹਾਡੇ ਸ਼ਬਦ ਆ ਗਏ ਸੀ
ਤੁਹਾਡਾ ਹਾਲ ਦੱਸ ਗਏ ਸੀ

ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਸ਼ਬਦ ਪੁੱਜ ਗਏ
ਤੇ ਦੱਸਦੇ ਸੀ ਤੁਸੀਂ ਆਉਣਾ ਸੀ, ਪਰ ਕਿਤੇ ਰੁੱਝ ਗਏ ਸੀ
ਕਹਿ ਰਹੇ ਸੀ - ਗੱਲ ਦਿਲ ਨੂੰ ਲਾਇਓ ਨਾ,
ਤੁਸੀਂ ਫੁੱਲ ਹੋ ਖਿੜਣਹਾਰਿਓ, ਮੁਰਝਾਇਓ ਨਾ

ਪਰ ਕੀ ਕਰੀਏ, ਅਸੀਂ ਰੋਏ
ਜਦ ਸ਼ਬਦੀਂ ਦਰਸ਼ਨ ਹੋਏ
ਅਸੀਂ ਚੜ੍ਹਦੀ ਕਲਾ ਦੇ ਸਾਗਰ
ਹੁਣ ਇੰਝ ਹੋ ਰਹੇ ਉਜਾਗਰ
ਕਿ ਜਦ ਜਦ ਅੰਬਰ ਬਰਸੇ
ਇਕ ਬੂੰਦ ਸਾਡੀ ਵੀ ਹੋਏ

ਇੰਝ ਗੱਲਾਂ ਕਰਕੇ ਦੋ ਪਲ ਸਾਡੇ ਨਾਲ ਹੱਸ ਗਏ ਸੀ
ਤੁਹਾਡੇ ਸ਼ਬਦ ਆ ਗਏ ਸੀ
ਤੁਹਾਡਾ ਹਾਲ ਦੱਸ ਗਏ ਸੀ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ